Punjab Sex Racket Case : ਚੰਡੀਗੜ੍ਹ : ਪੰਜਾਬ ਵਿੱਚ ਪਟਿਆਲਾ ਦੇ ਬਨੂੜ ਵਿੱਚ ਗੈਂਬਲਿੰਗ ਤੇ ਸੈਕਸ ਰੈਕੇਟ ਮਾਮਲੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਨੇ ਗ੍ਰਿਫਤਾਰ 76 ਦੋਸ਼ੀਆਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਮੋਹਾਲੀ ਦੀ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਹੁਣ ਇਹ ਸਾਰੇ ਦੋਸ਼ੀ ਪੰਜਾਬ ਦੀਆਂ ਸੰਗਰੂਰ ਜੇਲ੍ਹ ਵਿੱਚ ਰਹਿਣਗੇ। ਬਨੂੜ ਦੇ ਇੱਕ ਪੈਲੇਸ ਵਿੱਚ ਚੱਲ ਰਹੇ ਕਸੀਨੋ ਵਰਗਾ ਜੂਏ ਦੇ ਅੱਡੇ ਵਿੱਚ ਸ਼ਰਾਬ ਪਿਲਾਉਣ ਅਤੇ ਦੇਹ ਵਪਾਰ ਦੇ ਧੰਦੇ ਦੇ ਮਾਮਲੇ ਵਿੱਚ ਪੁਲਿਸ ਨੇ ਮੀਡੀਆ ਸਾਹਮਣੇ ਵੱਡੀ ਖੁਲਾਸੇ ਕੀਤੇ ਹਨ। ਰਿਪੋਰਟਾਂ ਅਨੁਸਾਰ ਅੱਠ ਵੱਡੇ ਲੋਕਾਂ ਸਣੇ ਕੁੱਲ 76 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਰੀਬ 9 ਲੱਖ ਰੁਪਏ ਬਰਾਮਦ ਕੀਤੇ ਹਨ। ਜਦੋਂਕਿ, ਰੋਜ਼ਾਨਾ ਡੇਢ ਤੋਂ ਪੌਣੇ ਦੋ ਕਰੋੜ ਤੱਕ ਜੂਆ ਚੱਲਦਾ ਸੀ, ਇਹ ਕਾਰੋਬਾਰ ਚਿੱਪ ਸਿਸਟਮ ਦੁਆਰਾ ਚਲਾਇਆ ਜਾਂਦਾ ਸੀ ਜਿਸ ਵਿਚ ਕੈਸ਼ ਪੇਮੈਂਟ ਦੀ ਕੋਈ ਲੋੜ ਨਹੀਂ ਹੁੰਦੀ, ਤਾਂ ਕਿ ਜੇ ਪੁਲਿਸ ਰੇਡ ਵੀ ਪਏ ਤਾਂ ਪੈਸੇ ਦੀ ਕੋਈ ਬਰਾਮਦਗੀ ਨਾ ਹੋਵੇ।
ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਰੇਡ ਦੌਰਾਨ ਪੁਲਿਸ ਨੇ ਜੂਏ ਤੋਂ 8-8 ਕਰੋੜ ਰੁਪਏ ਦੇ ਲੈਣ-ਦੇਣ ਦਾ ਖੁਲਾਸਾ ਵੀ ਕੀਤਾ ਸੀ। ਪੂਰੇ ਰਿਕਾਰਡ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਰਿਕਾਰਡ ਵਿਚ ਅੱਠ-ਅੱਠ ਕਰੋੜ, ਇਕ 7 ਕਰੋੜ, ਇਕ 5 ਕਰੋੜ ਅਤੇ 2 ਤੋਂ ਢਾਈ ਕਰੋੜ ਦੀਆਂ ਹੋਰ ਐਂਟਰੀਆਂ ਸ਼ਾਮਲ ਹਨ। ਪੁਲਿਸ ਦੇ ਅਨੁਸਾਰ ਰਿੰਕੂ ਮਹਿਤਾ ਨਾਮਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਦੇ ਵੱਡੇ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਸਬੰਧਾਂ ਬਾਰੇ ਦੱਸਿਆ ਜਾ ਰਿਹਾ ਹੈ।
ਜਾਂਚ ਟੀਮ ਵੱਲੋਂ ਫਰਾਰ ਮੁਲਜ਼ਮਾਂ ਦੇ ਪਾਸਪੋਰਟ ਨੰਬਰ ਵੀ ਲੱਭ ਲਏ ਗਏ ਹਨ। ਪੁਲਿਸ ਉਨ੍ਹਾਂ ਨੂੰ ਜਲਦੀ ਹੀ ਲੁਕ ਆਊਟ ਨੋਟਿਸ ਜਾਰੀ ਕਰੇਗੀ। ਦੋਸ਼ੀਆਂ ਕੋਲੋਂ ਰਿਮਾਂਡ ਦੌਰਾਨ ਬਰਾਮਦ ਕੀਤੇ ਲੈਪਟਾਪ ਦਾ ਡਾਟਾ ਵੀ ਸਾਈਬਰ ਸੈੱਲ ਦੀ ਟੀਮ ਖੰਗਾਲਣ ਲੱਗੀ ਹੋਈ ਹੈ। ਐਸਪੀ ਜਸਕੀਰਤ ਦਾ ਕਹਿਣਾ ਹੈ ਕਿ ਪੈਲੇਸ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਉਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਇਸ ਧੰਦੇ ਵਿੱਚ ਸ਼ਾਮਲ ਸਨ। ਉਥੇ ਕੰਮ ਕਰਨ ਵਾਲੀ ਲੇਬਰ ਜਾਂ ਹੋਰ ਕਿਸੇ ਵਿਅਕਤੀ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਏ ਲੈਪਟਾਪਾਂ ਵਿਚ ਦਰਜ ਜੂਏਬਾਜ਼ਾਂ ਦਾ ਡਾਟਾ ਖੰਗਾਲਣ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ।