Delhi police detains 50 people : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ 73ਵੇਂ ਦਿਨ ਵੀ ਜਾਰੀ ਹੈ। ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਤਿੰਨ ਘੰਟੇ ਤੱਕ ਦਾ ਕਿਸਾਨ ਚੱਕਾ ਜਾਮ ਦੇਸ਼ ਭਰ ਵਿੱਚ ਸਫਲ ਅਤੇ ਸ਼ਾਂਤੀਪੂਰਨ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਦੁਪਹਿਰ ਨੂੰ 12 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਸੀ। ਇਸ ਚੱਕਾ ਜਾਮ ਦੌਰਾਨ ਐਂਬੂਲੈਂਸ ਤੇ ਸਕੂਲ ਬੱਸਾਂ ਵਰਗੀਆਂ ਸੇਵਾਵਾਂ ਨੂੰ ਛੂਟ ਦੇਣ ਦੀ ਗੱਲ ਕਹਿ ਗਈ ਸੀ। ਯੂਪੀ, ਉਤਰਾਖੰਡ ਅਤੇ ਦਿੱਲੀ ਨੂੰ ਇਸ ਤੋਂ ਵੱਖ ਰੱਖਿਆ ਗਿਆ ਸੀ। ਚੱਕਾ ਜਾਮ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੋ ਟੂਕ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਵਾਪਿਸ ਨਹੀਂ ਹੋਣਗੇ ਓਦੋਂ ਤੱਕ ਕਿਸਾਨ ਆਪਣੇ ਘਰਾਂ ਨੂੰ ਨਹੀਂ ਪਰਤਣਗੇ।
ਪਰ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਕਾ ਜਾਮ ਦੇ ਸਮਰਥਨ ਵਿੱਚ ਕਥਿਤ ਤੌਰ ‘ਤੇ ਪ੍ਰਦਰਸ਼ਨ ਕਰਨ ਲਈ ਕੇਂਦਰੀ ਦਿੱਲੀ ਦੇ ਸ਼ਹੀਦੀ ਪਾਰਕ ਨੇੜੇ 50 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਚੱਕਾ ਜਾਮ ਨੂੰ ਲੈ ਕੇ ਰਾਜਧਾਨੀ ਦਿੱਲੀ, ਯੂਪੀ ਸਮੇਤ ਸਾਰੇ ਰਾਜਾਂ ਵਿੱਚ ਬੇਮਿਸਾਲ ਸੁਰੱਖਿਆ ਪ੍ਰਬੰਧ ਵੇਖੇ ਗਏ। ਲੱਗਭਗ 50,000 ਸਿਪਾਹੀ ਦਿੱਲੀ-ਐਨਸੀਆਰ ਵਿੱਚ ਤਾਇਨਾਤ ਕੀਤੇ ਗਏ ਸਨ ਅਤੇ ਲਾਲ ਕਿਲ੍ਹੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉੱਤਰ ਭਾਰਤ ਦੇ, ਯੂਪੀ, ਉਤਰਾਖੰਡ, ਦਿੱਲੀ ਨੂੰ ਛੱਡ ਸਾਰੇ ਰਾਜ ਅਤੇ ਦੱਖਣੀ ਭਾਰਤ ਵਿੱਚ ਤੇਲੰਗਾਨਾ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ ਸਣੇ ਕਈ ਰਾਜਾ ਵਿੱਚ ਚੱਕਾ ਜਾਮ ਦੇ ਸੱਦੇ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਕਾਂਗਰਸ, ਖੱਬੀਆਂ ਪਾਰਟੀਆਂ ਤੋਂ ਇਲਾਵਾ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵੀ ਕਿਸਾਨਾਂ ਨੂੰ ਸਮਰਥਨ ਮਿਲਿਆ ਹੈ।
ਇਹ ਵੀ ਦੇਖੋ : ਕਿਸਾਨਾਂ ਦੇ ਹੱਕ ‘ਚ ਆਏ ਆਮ ਲੋਕ, ਚੱਕਾ ਜਾਮ ਦਾ ਵੱਡਾ ਅਸਰ, ਖਾਲੀ ਹੋਈਆਂ ਸੜਕਾਂ, ਦੇਖੋ ਤਾਜ਼ਾ ਹਾਲਾਤ