S Jaishankar on foreign celebrities tweet: ਕਿਸਾਨਾਂ ਦੇ ਮੁੱਦੇ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਗ੍ਰੇਟਾ ਥਨਬਰਗ ਅਤੇ ਹੋਰਾਂ ਵੱਲੋਂ ਕਿਸਾਨਾਂ ਦੇ ਮੁੱਦੇ ‘ਤੇ ਕੀਤੇ ਗਏ ਟਵੀਟ ਦੌਰਾਨ ਸਾਂਝਾ ਕੀਤੀ ਗਈ ਟੂਲ ਕਿੱਟ ਤੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ । ਦਿੱਲੀ ਪੁਲਿਸ ਨੇ ਕਿਹਾ ਕਿ ਇਹ ਟੂਲ ਕਿੱਟ ਦਰਸਾਉਂਦੀ ਹੈ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹਿੰਸਾ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ।
ਜੈਸ਼ੰਕਰ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਜਾਂਚ ਨਾਲ ਹੋਰ ਵੇਰਵੇ ਸਾਹਮਣੇ ਲਿਆਂਦੇ ਜਾਣਗੇ । ਜੈਸ਼ੰਕਰ ਨੇ ਕੁਝ ਮਸ਼ਹੂਰ ਹਸਤੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਪੱਸ਼ਟ ਤੌਰ ‘ਤੇ ਜ਼ਿਆਦਾ ਜਾਣਕਾਰੀ ਨਾ ਹੁੰਦੇ ਹੋਏ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਸੀ। ਜੈਸ਼ੰਕਰ ਦੇ ਹਵਾਲੇ ਤੋਂ ਕਿਹਾ, “ਟੂਲ ਕਿੱਟ ਤੋਂ ਬਹੁਤ ਕੁਝ ਸਾਹਮਣੇ ਆਇਆ ਹੈ । ਸਾਨੂੰ ਇਹ ਵੇਖਣ ਲਈ ਇੰਤਜ਼ਾਰ ਕਰਨਾ ਪਵੇਗਾ ਕਿ ਕੀ ਸਾਹਮਣੇ ਆਉਂਦਾ ਹੈ। ਕੁਝ ਮਸ਼ਹੂਰ ਹਸਤੀਆਂ ਦੇ ਇਸ ਮੁੱਦੇ ‘ਤੇ ਸੁਝਾਅ ਦੇਣ ‘ਤੇ ਵਿਦੇਸ਼ ਮੰਤਰਾਲੇ ਦੀ ਟਿਪਣੀ ਆਉਣ ਦਾ ਕਾਰਨ ਸੀ। ਉਨ੍ਹਾਂ ਨੇ ਇਸ ਮੁੱਦੇ ‘ਤੇ ਟਿਪਣੀ ਕੀਤੀ ਜਿਸ ਮੁੱਦੇ ‘ਤੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।”
ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ‘ਤੇ ਟਵੀਟ ਦੇ ਨਾਲ ਇੱਕ ਟੂਲ ਕਿੱਟ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਕਿਸਾਨਾਂ ਦੇ ਸਮਰਥਨ ਕਰਨ ਦੇ ਸੁਝਾਅ ਦਿੱਤੇ ਗਏ ਸਨ। ਪਰ ਇਨ੍ਹਾਂ ਵਿੱਚ ਬਹੁਤੇ ਸੁਝਾਅ ਗਣਤੰਤਰ ਦਿਵਸ ਨਾਲ ਸਬੰਧਤ ਜਾਪਦੇ ਸਨ । ਹਾਲਾਂਕਿ, ਉਨ੍ਹਾਂ ਨੇ ਤੁਰੰਤ ਟੂਲ ਕਿੱਟ ਨੂੰ ਡਿਲੀਟ ਕਰ ਦਿੱਤਾ ਅਤੇ ਅਗਲੇ ਦਿਨ ਨਵਾਂ ਲਿੰਕ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਲਿਖਿਆ ਕਿ ਪੁਰਾਣਾ ਦਸਤਾਵੇਜ਼ ਇਸ ਲਈ ਹਟਾਇਆ ਗਿਆ, ਕਿਉਂਕਿ ਇਹ ਕੰਮ ਦਾ ਨਹੀਂ ਸੀ।
ਦੱਸ ਦੇਈਏ ਕਿ ਇਸ ਸਬੰਧੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੁਝ ਲੋਕਾਂ ਨੇ ਟੂਲ ਕਿੱਟ ਦਾ ਇਹ ਦਸਤਾਵੇਜ਼ ਤਿਆਰ ਕੀਤਾ ਸੀ ਅਤੇ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।