Tikait response to PM statement: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਜਵਾਬ ਦਿੰਦਿਆਂ ਅੱਜ ਕਿਸਾਨ ਅੰਦੋਲਨ ‘ਤੇ ਵੀ ਚਰਚਾ ਕੀਤੀ ਅਤੇ ਕਿਸਾਨਾਂ ਨੂੰ ਅੰਦੋਲਨ ਖਤਮ ਕਰ ਗੱਲਬਾਤ ਕਰਨ ਦਾ ਸੱਦਾ ਦਿੱਤਾ । ਇਸ ਦੌਰਾਨ ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ MSP ਸੀ, MSP ਹੈ ਅਤੇ MSP ਜਾਰੀ ਰਹੇਗੀ। ਹੁਣ ਪੀਐਮ ਮੋਦੀ ਦੇ ਇਸ ਬਿਆਨ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ।
ਦਰਅਸਲ, ਪ੍ਰਧਾਨ ਮੰਤਰੀ ਦੇ ਇਸ ਬਿਆਨ ‘ਤੇ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਕਦੋਂ ਕਿਹਾ ਸੀ ਕਿ MSP ਖ਼ਤਮ ਹੋ ਰਹੀ ਹੈ। ਅਸੀਂ ਕਿਹਾ ਕਿ MSP ‘ਤੇ ਕੋਈ ਕਾਨੂੰਨ ਹੋਣਾ ਚਾਹੀਦਾ ਹੈ। ਜੇ ਅਜਿਹਾ ਕਾਨੂੰਨ ਬਣਾਇਆ ਜਾਂਦਾ ਹੈ ਤਾਂ ਦੇਸ਼ ਦੇ ਸਾਰੇ ਕਿਸਾਨਾਂ ਨੂੰ ਇਸਦਾ ਫਾਇਦਾ ਹੋਵੇਗਾ । ਇਸ ਸਮੇਂ MSP ਬਾਰੇ ਕੋਈ ਕਾਨੂੰਨ ਨਹੀਂ ਹੈ ਅਤੇ ਵਪਾਰੀ ਕਿਸਾਨਾਂ ਨੂੰ ਲੁੱਟ ਰਹੇ ਹਨ।
ਇਸ ਤੋਂ ਅੱਗੇ ਰਾਕੇਸ਼ ਟਿਕੈਤ ਨੇ ਕਿਹਾ ਹੈ, “ਜੇ ਪ੍ਰਧਾਨ ਮੰਤਰੀ ਮੋਦੀ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਸਾਡਾ ਮੋਰਚਾ ਅਤੇ ਕਮੇਟੀ ਗੱਲਬਾਤ ਕਰਨ ਲਈ ਤਿਆਰ ਹੈ।” ਸਾਡੇ ਪੰਚ ਵੀ ਓਹੀ ਹਨ ਅਤੇ ਸਾਡਾ ਪਲੇਟਫਾਰਮ ਵੀ ਓਹੀ ਹੈ। MSP ‘ਤੇ ਕਾਨੂੰਨ ਬਣੇ ਇਹ ਕਿਸਾਨਾਂ ਲਈ ਲਾਭਕਾਰੀ ਹੋਵੇਗਾ।” ਉਨ੍ਹਾਂ ਕਿਹਾ,“ਦੇਸ਼ ਵਿਚ ਭੁੱਖਮਰੀ ਦਾ ਕੋਈ ਵਪਾਰ ਨਹੀਂ ਹੋਵੇਗਾ। ਅਨਾਜ ਦੀ ਕੀਮਤ ਭੁੱਖ ‘ਤੇ ਤੈਅ ਨਹੀਂ ਹੋਵੇਗੀ।”
ਦੱਸ ਦੇਈਏ ਕਿ ਸਦਨ ਵਿੱਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨ ਅੰਦੋਲਨ ਬਾਰੇ ਕਿਹਾ, ‘ਅਸੀਂ ਸਾਰੇ ਇਕੱਠੇ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹਾਂ। ਮੈਂ ਅੱਜ ਸਦਨ ਤੋਂ ਸਾਰਿਆਂ ਨੂੰ ਸੱਦਾ ਦਿੰਦਾ ਹਾਂ।’ ਪ੍ਰਧਾਨ ਮੰਤਰੀ ਨੇ ਸਦਨ ਰਾਹੀਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਘੱਟੋ-ਘੱਟ ਸਮਰਥਨ ਮੁੱਲ (MSP) ਜਾਰੀ ਰਹੇਗਾ । ਉਨ੍ਹਾਂ ਕਿਹਾ, ‘MSP ਸੀ, MSP ਹੈ ਅਤੇ MSP ਰਹੇਗੀ ।’
ਇਹ ਵੀ ਦੇਖੋ: ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ