Tendulkar Akshay tweet to be investigated: ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ । ਇਸ ਵਿਚਾਲੇ ਮਹਾਰਾਸ਼ਟਰ ਰਾਜ ਦਾ ਖੁਫੀਆ ਵਿਭਾਗ ਕੁਝ ਨਾਮੀ ਭਾਰਤੀ ਹਸਤੀਆਂ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ ਦਾ ਦਬਾਅ ਪਾਉਣ ਦੇ ਇਲਜ਼ਾਮਾਂ ਸਬੰਧੀ ਜਾਂਚ ਕਰੇਗਾ । ਹਾਲਾਂਕਿ ਇਸ ‘ਤੇ ਭਾਜਪਾ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਸੂਬਾ ਸਰਕਾਰ ‘ਤੇ ਪਲਟਵਾਰ ਕੀਤਾ ਹੈ।
ਦਰਅਸਲ, ਅਮਰੀਕੀ ਗਾਇਕਾ ਰਿਹਾਨਾ ਤੇ ਐਕਟੀਵਿਸਟ ਗ੍ਰੇਟਾ ਥਨਬਰਗ ਦੇ ਟਵੀਟ ‘ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਗਾਇਕਾ ਲਤਾ ਮੰਗੇਸ਼ਕਰ, ਕ੍ਰਿਕਟਰ ਵਿਰਾਟ ਕੋਹਲੀ, ਅਦਾਕਾਰ ਅਕਸ਼ੇ ਕੁਮਾਰ ਜਿਹੀਆਂ ਭਾਰਤੀ ਹਸਤੀਆਂ ਦੇ ਜਵਾਬ ਦੇਣ ‘ਤੇ ਮਹਾਰਾਸ਼ਟਰ ਸਰਕਾਰ ਨੇ ਜਾਂਚ ਕਰਨ ਦੀ ਗੱਲ ਕਹੀ ਹੈ। ਇਸ ‘ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਹੁਣ ਦੇਸ਼ਭਗਤੀ ਗੁਨਾਹ ਹੋ ਗਈ ਹੈ।
ਇਸ ਸਬੰਧੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਕਿਹਾ, ‘ਮਹਾਰਾਸ਼ਟਰ ਵਿੱਚ ਹੁਣ ਦੇਸ਼ਭਗਤੀ ਗੁਨਾਹ ਹੋ ਗਈ ਹੈ। ਲਤਾ ਮੰਗੇਸ਼ਸ਼ਕਰ, ਸਚਿਨ ਤੇਂਦੁਲਕਰ, ਅਕਸ਼ੇ ਕੁਮਾਰ, ਅਜੇ ਦੇਵਗਨ ਆਦਿ ਵੱਲੋਂ ਭਾਰਤ ਦੇ ਪੱਖ ਵਿੱਚ ਦਿੱਤੇ ਬਿਆਨਾਂ ਕਾਰਨ ਇਨ੍ਹਾਂ ਸਭ ਦੀ ਮਹਾਰਾਸ਼ਟਰ ਸਰਕਾਰ ਜਾਂਚ ਕਰੇਗੀ।
ਦੱਸ ਦੇਈਏ ਕਿ ਦੇਸ਼ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ‘ਤੇ ਵਿਦੇਸ਼ੀ ਹਸਤੀਆਂ ਦੇ ਟਵੀਟ ਤੋਂ ਬਾਅਦ ਭਾਰਤੀ ਹਸਤੀਆਂ ਨੇ ਉਨ੍ਹਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣ ਦੀ ਸਲਾਹ ਦਿੱਤੀ । ਇਸ ਘਟਨਾ ਤੋਂ ਬਾਅਦ ਸੋਮਵਾਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਖੁਫੀਆ ਏਜੰਸੀਆਂ ਜਾਂਚ ਕਰਨਗੀਆਂ ਕਿ ਕਿਤੇ ਕ੍ਰਿਕਟਰਸ ਤੇ ਫ਼ਿਲਮੀ ਸਿਤਾਰਿਆਂ ਨੇ BJP ਦੇ ਦਬਾਅ ਵਿੱਚ ਆ ਕੇ ਟਵੀਟ ਤਾਂ ਨਹੀਂ ਕੀਤੇ?