Rakesh Tikait daughter Jyoti tikait: ਕਿਸਾਨ ਅੰਦੋਲਨ ਦਰਮਿਆਨ ਰਾਕੇਸ਼ ਟਿਕੈਤ ਇੱਕ ਅਜਿਹਾ ਨਾਂ ਹੈ ਜਿਸ ਨੂੰ ਸ਼ਾਇਦ ਹੀ ਕੋਈ ਨਾ ਜਾਣਦਾ ਹੋਵੇ। ਕਿਸਾਨ ਆਗੂ ਰਾਕੇਸ਼ ਟਿਕੈਤ ਸ਼ੁਰੂ ਤੋਂ ਹੀ ਕਿਸਾਨਾਂ ਲਈ ਕੰਮ ਕਰਦੇ ਆ ਰਹੇ ਹਨ । ਇਸੇ ਵਿਚਾਲੇ ਹੁਣ ਉਨ੍ਹਾਂ ਦੀ ਧੀ ਜੋਤੀ ਟਿਕੈਤ ਨੇ ਵੀ ਇਸ ਅੰਦੋਲਨ ਵਿੱਚ ਆਪਣੀ ਹਿੱਸੇਦਾਰੀ ਪਾਈ ਹੈ। । ਦਰਅਸਲ, ਖੇਤੀ ਕਾਨੂੰਨਾਂ ਖ਼ਿਲਾਫ਼ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਸ਼ਾਂਤਮਈ ਧਰਨੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ । ਇਸ ਪ੍ਰਦਰਸ਼ਨ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਦੇ ਨੌਜਵਾਨਾਂ ਨੇ ਖਾਸ ਤੌਰ ‘ਤੇ ਇਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਹੈ। ਉੱਥੇ ਹੀ ਹੁਣ ਜੋਤੀ ਟਿਕੈਤ ਵਲੋਂ ਵੀ ਖੁੱਲ੍ਹ ਕੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਜੋਤੀ ਨੇ ਇਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਸਰਕਾਰ ਨੂੰ ਇਹ ਬਿੱਲ ਹਰ ਹਾਲਤ ਵਿੱਚ ਵਾਪਸ ਲੈਣੇ ਪੈਣਗੇ । ਉਸਦੇ ਨਾਲ ਵੱਡੀ ਗਿਣਤੀ ਵਿੱਚ ਲੋਕ ਪਰਿਵਾਰਾਂ ਸਮੇਤ ਇਸ ਪ੍ਰਦਰਸ਼ਨ ਵਿੱਚ ਪਹੁੰਚੇ । ਇਸ ਮੌਕੇ ਆਏ ਹੋਏ ਲੋਕਾਂ ਵੱਲੋਂ ਕਿਸਾਨ ਮਜ਼ਦੂਰ ਏਕਤਾ ਦੀਆਂ ਤਖਤੀਆਂ ਫੜ ਕੇ ਭਾਰਤ ਦੀ ਕੇਂਦਰ ਵਿਚਲੀ ਮੋਦੀ ਸਰਕਾਰ, ਅੰਬਾਨੀ, ਅਡਾਨੀ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਪ੍ਰਦਰਸ਼ਨ ਵਿੱਚ ਕਿਸਾਨ ਮਜ਼ਦੂਰ ਕਾਰਕੂੰਨ ਨੌਦੀਪ ਕੌਰ ਦੇ ਹੱਕ ਵਿੱਚ ਵੀ ਅਵਾਜ਼ ਬੁਲੰਦ ਕੀਤੀ ਗਈ ਤੇ ਉਸ ਦੀ ਜਲਦ ਰਿਹਾਈ ਦੀ ਮੰਗ ਵੀ ਕੀਤੀ ਗਈ ।
ਦੱਸ ਦੇਈਏ ਕਿ ਇਸ ਪ੍ਰਦਰਸ਼ਨ ਦੌਰਾਨ ਖਾਲਸਾ ਏਡ ਆਸਟ੍ਰੇਲੀਆ ਦੀ ਟੀਮ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਇਸ ਅੰਦੋਲਨ ਨੂੰ ਅੱਤਵਾਦੀ, ਵੱਖਵਾਦੀ ਤੇ ਖਾਲਿਸਤਾਨ ਦਾ ਨਾਂ ਦੇ ਕੇ ਬਦਨਾਮ ਕਰਨਾ ਚਾਹੁੰਦੀ ਸੀ ਜੋ ਕਿ ਹੋ ਨਹੀਂ ਸਕਿਆ । ਉਨ੍ਹਾਂ ਕਿਹਾ ਕਿ ਪ੍ਰਵਾਸੀ ਹਰ ਸਮੇਂ ਕਿਸਾਨਾਂ ਦੇ ਨਾਲ ਖੜ੍ਹੇ ਹਨ ਤੇ ਉਨਾਂ ਨੂੰ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।