Munita Prajapati breaks 10000m race: ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਰਹਿਣ ਵਾਲੀ ਮੁਨੀਤਾ ਪ੍ਰਜਾਪਤੀ ਨੇ ਨਾ ਸਿਰਫ ਰਾਜ ਦਾ ਬਲਕਿ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ। ਬਹੁਤ ਗਰੀਬ ਪਰਿਵਾਰ ਤੋਂ ਆਉਣ ਵਾਲੀ ਮੁਨੀਤਾ ਨੇ 10 ਫਰਵਰੀ ਨੂੰ ਗੁਹਾਟੀ ਵਿੱਚ 36ਵੀਂ ਨੈਸ਼ਨਲ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 10 ਕਿਲੋਮੀਟਰ ਪੈਦਲ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਮੁਨੀਤਾ ਦੇ ਪਿਤਾ ਇੱਕ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਬਹੁਤ ਮੁਸ਼ਕਿਲ ਹਾਲਤਾਂ ਤੋਂ ਲੰਘ ਕੇ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ।
ਹਾਲਾਂਕਿ ਮੁਨੀਤਾ ਹੁਣ ਰਾਸ਼ਟਰੀ ਚੈਂਪੀਅਨ ਹੈ ਅਤੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੀਨੀਆ ਵੀ ਜਾ ਰਹੀ ਹੈ, ਪਰ ਉਸ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਪਰਿਵਾਰ ਨੂੰ ਕਰਜ਼ਾ ਲੈਣਾ ਪਿਆ। ਵਾਰਾਣਸੀ ਦੇ ਰੋਹਾਨੀਆ ਸ਼ਾਹਬਾਜ਼ਪੁਰ ਬਰਹੈਨੀ ਖੁਰਦ ਦੀ ਰਹਿਣ ਵਾਲੀ ਮੁਨੀਤਾ ਨੇ ਦੱਸਿਆ ਕਿ ਉਹ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕੇ ਇਸਦੇ ਲਈ ਉਸਦੀ ਮਾਂ ਨੂੰ ਰਿਸ਼ਤੇਦਾਰਾਂ ਅਤੇ ਕਈ ਹੋਰ ਲੋਕਾਂ ਤੋਂ ਪੈਸੇ ਉਧਾਰ ਲੈਣੇ ਪਏ । ਮੁਨੀਤਾ ਕੋਲ ਦੌੜਨ ਲਈ ਜੁੱਤੇ ਤੱਕ ਨਹੀਂ ਸਨ ਅਤੇ ਉਸਨੂੰ ਦੌੜਨ ਲਈ ਪਿੰਡ ਵਿੱਚ ਰਹਿੰਦੇ ਉਸ ਦੇ ਵੱਡੇ ਭਰਾ ਨੇ ਆਪਣੇ ਪੁਰਾਣੇ ਜੁੱਤੇ ਉਸਨੂੰ ਦਿੱਤੇ। ਇਸ ਪ੍ਰਤੀਯੋਗਤਾ ਲਈ ਉਨ੍ਹਾਂ ਨੇ ਇਨ੍ਹਾਂ ਜੁੱਟੇਆਂ ਦੀ ਮਦਦ ਨਾਲ ਹੀ ਤਿਆਰੀ ਕੀਤੀ।
ਮੁਨਿਤਾ ਨੇ ਦੱਸਿਆ ਕਿ ਜਦੋਂ ਉਸਨੇ ਸ਼ੁਰੂ ਵਿੱਚ ਐਥਲੀਟ ਬਣਨ ਦੀ ਸਿਖਲਾਈ ਸ਼ੁਰੂ ਕੀਤੀ ਤਾਂ ਉਸ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਸਪੱਸ਼ਟ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਉਸਦੀ ਵੱਡੀ ਭੈਣ ਪੂਜਾ ਅਤੇ ਮਾਂ ਰਸ਼ਮਨੀ ਦੇ ਸਮਝਾਉਣ ਤੋਂ ਬਾਅਦ ਉਸਨੂੰ ਅਭਿਆਸ ਕਰਨ ਦੀ ਆਗਿਆ ਮਿਲ ਗਈ। ਮੁਨੀਤਾ ਦਾ ਪੂਰਾ ਪਰਿਵਾਰ ਅਜੇ ਵੀ ਇੱਕ ਹੀ ਕਮਰੇ ਵਿੱਚ ਰਹਿੰਦਾ ਹੈ ਅਤੇ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਮੁਨੀਤਾ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਅੱਗੇ ਪੜ੍ਹਨ ਦੀ ਇੱਛਾ ਵੀ ਰੱਖਦੀ ਹੈ।
ਦੱਸ ਦੇਈਏ ਕਿ ਮੁਨੀਤਾ ਨੇ 10000 ਮੀਟਰ ਦੀ ਰੇਸ ਵਾਕ ਚੈਂਪੀਅਨਸ਼ਿਪ 47 ਮਿੰਟ 52 ਸੈਕਿੰਡ ਵਿੱਚ ਪੂਰੀ ਕਰਦਿਆਂ ਰਾਸ਼ਟਰੀ ਰਿਕਾਰਡ ਬਣਾਇਆ ਹੈ । ਇਸਦੇ ਨਾਲ ਮੁਨੀਤਾ ਨੇ ਅਗਸਤ 2021 ਵਿੱਚ ਕੀਨੀਆ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਤੋਂ ਇਲਾਵਾ ਮੁਨੀਤਾ ਨੇ ਫਰਵਰੀ 2020, ਰਾਂਚੀ ਵਿੱਚ 7ਵੀਂ ਨੈਸ਼ਨਲ ਓਪਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ ।
ਇਹ ਵੀ ਦੇਖੋ: ਹਰਿਆਣਵੀਆਂ ਦੇ ਵੱਡੇ ਜਿਗਰੇ, 70 ਲੱਖ ਦੀਆਂ ਦੇਸੀ ਘੀ ਦੀਆਂ ਕਿਸਾਨਾਂ ਨੂੰ ਖਵਾਤੀਆਂ ਜਲੇਬੀਆਂ