IND vs ENG 2nd Test Day 1 : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਅਤੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ‘ਤੇ 300 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੈਂਕੜਾ ਲਗਾ ਕੇ ਫਾਰਮ ਵਿੱਚ ਵਾਪਸੀ ਕੀਤੀ ਹੈ। ਰੋਹਿਤ ਨੇ ਆਪਣੇ ਟੈਸਟ ਕਰੀਅਰ ਦਾ ਸੱਤਵਾਂ ਸੈਂਕੜਾ ਬਣਾਇਆ ਹੈ। ਹਾਲਾਂਕਿ ਰੋਹਿਤ 161 ਦੌੜਾਂ ਬਣਾ ਕੇ ਆਊਟ ਹੋ ਗਿਆ ਹੈ। ਇੰਗਲੈਂਡ ਲਈ ਜੈਕ ਲੀਚ ਅਤੇ ਮੋਇਨ ਅਲੀ ਨੇ 2-2 ਵਿਕਟਾਂ ਲਈਆਂ ਹਨ।
ਇਹ ਮੈਚ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਨਾਲ ਤਕਰੀਬਨ ਇੱਕ ਸਾਲ ਬਾਅਦ ਦਰਸ਼ਕ ਵੀ ਮੈਦਾਨ ਵਿੱਚ ਪਰਤੇ ਹਨ। ਇਸਤੋਂ ਪਹਿਲਾਂ, ਕੋਰੋਨਾ ਦੇ ਕਾਰਨ, ਮੈਦਾਨ ਵਿੱਚ ਦਰਸ਼ਕਾਂ ਦੇ ਦਾਖਲੇ ਦੀ ਆਗਿਆ ਨਹੀਂ ਸੀ, ਪਰ ਬੀਸੀਸੀਆਈ ਨੇ ਇਸ ਮੈਚ ਲਈ 50 ਪ੍ਰਤੀਸ਼ਤ ਦਰਸ਼ਕਾਂ ਨੂੰ ਮੈਦਾਨ ਵਿੱਚ ਆਉਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਇਸ ਮੈਚ ਲਈ 50 ਪ੍ਰਤੀਸ਼ਤ ਭਾਵ ਲੱਗਭਗ 15 ਹਜ਼ਾਰ ਦਰਸ਼ਕਾਂ ਨੂੰ ਮੈਦਾਨ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਹੈ। ਮੈਚ ਦੀਆਂ ਸਾਰੀਆਂ ਟਿਕਟਾਂ ਵੀ ਵਿਕ ਗਈਆਂ ਹਨ ਅਤੇ ਦਰਸ਼ਕ ਪਹਿਲੇ ਦਿਨ ਦੇ ਮੈਚ ਦਾ ਅਨੰਦ ਲੈਣ ਲਈ ਮੈਦਾਨ ਵਿੱਚ ਦਾਖਲ ਹੋਣ ਲਈ ਬਹੁਤ ਉਤਸੁਕ ਦਿੱਖ ਰਹੇ ਸੀ। ਸਾਰੀਆਂ ਟਿਕਟਾਂ ਪਹਿਲੇ ਇੱਕ ਘੰਟੇ ਦੇ ਅੰਦਰ ਹੀ ਵਿੱਕ ਗਈਆਂ ਸਨ।