Rahul Gandhi accuses Centre: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਦੇ ਵੈਰੀਐਂਟ ਦੀ ਐਂਟਰੀ ਹੋ ਗਈ ਹੈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਚੌਕਸੀ ਵਧਣੀ ਸ਼ੁਰੂ ਹੋ ਗਈ ਹੈ। ਇਸ ਵਿਚਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਨੇ ਇੱਕ ਖ਼ਬਰ ਟਵੀਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਕੋਰੋਨਾ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਲਾਪ੍ਰਵਾਹੀ ਵਰਤ ਰਹੀ ਹੈ ਅਤੇ ਅਤਿ ਆਤਮ-ਵਿਸ਼ਵਾਸ ਦਿਖਾ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਇਹ ਅਜੇ ਖ਼ਤਮ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਬੀਤੇ ਦਿਨ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਵਿੱਚ ਦੱਖਣੀ ਅਫਰੀਕਾ, ਬ੍ਰਾਜ਼ੀਲ ਕੋਰੋਨਾ ਵੈਰੀਐਂਟ ਦੀ ਐਂਟਰੀ ਹੋ ਗਈ ਹੈ। ਹੁਣ ਭਾਰਤ ਵਿੱਚ ਦੱਖਣੀ ਅਫਰੀਕਾ ਵੈਰੀਐਂਟ ਦੇ ਚਾਰ ਅਤੇ ਬ੍ਰਾਜ਼ੀਲ ਵੈਰੀਐਂਟ ਦਾ ਇੱਕ ਮਾਮਲਾ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਉਹ ਚਾਹੇ ਵੈਕਸੀਨੇਸ਼ਨ ਦਾ ਕੰਮ ਹੋਵੇ, ਤਾਲਾਬੰਦੀ ਵੇਲੇ ਨਿਯਮ ਹੋਣ ਜਾਂ ਕੇਂਦਰ ਅਤੇ ਰਾਜਾਂ ਵਿਚਾਲੇ ਤਾਲਮੇਲ ਦੀ ਗੱਲ ਹੋਵੇ, ਮੋਦੀ ਸਰਕਾਰ ਨੂੰ ਰਾਹੁਲ ਗਾਂਧੀ ਨੇ ਹਮੇਸ਼ਾ ਆਪਣਾ ਨਿਸ਼ਾਨਾ ਬਣਾਇਆ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਹੁਣ ਦੱਖਣੀ ਅਫਰੀਕਾ-ਬ੍ਰਾਜ਼ੀਲ ਦਾ ਵੈਰੀਐਂਟ ਮਿਲਣ ਤੋਂ ਬਾਅਦ ਕਰਨਾਟਕ ਵਿੱਚ ਸਖਤੀ ਵਧਾ ਦਿੱਤੀ ਗਈ ਹੈ। ਇਸ ਵੈਰੀਐਂਟ ਦੇ ਮਿਲਣ ਤੋਂ ਬਾਅਦ ਲੋਕਾਂ ਲਈ ਹੁਣ ਬੈਂਗਲੁਰੂ ਏਅਰਪੋਰਟ ‘ਤੇ RT-PCR ਟੈਸਟ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਨਾਲ ਹੀ, ਜੇ ਕੋਈ ਪਾਜ਼ੀਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪਵੇਗਾ।