MBA passed woman replaced her sister : ਜਲਾਲਾਬਾਦ ’ਚ ਥਾਣਾ ਸਿਟੀ ਪੁਲਿਸ ਨੇ ਸਿੱਖਿਆ ਵਿਭਾਗ ਵੱਲੋਂ ਈਟੀਟੀ ਅਧਿਆਪਕ ਦੀ ਭਰਤੀ ਲਈ ਪ੍ਰੀਖਿਆ ਵਿੱਚ ਆਪਣੀ ਭੈਣ ਦੀ ਥਾਂ ਪ੍ਰੀਖਿਆ ਦੇਣ ਵਾਲੀ ਲੜਕੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਕਤ ਕੇਸ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਉਕਤ ਔਰਤ ਦੇ ਤਲਾਕਸ਼ੁਦਾ ਪਤੀ ਨੇ ਉਸ ਨੂੰ ਇਮਤਿਹਾਨ ਦੇਣ ਤੋਂ ਬਾਅਦ ਬਾਹਰ ਆਉਂਦੇ ਵੇਖਿਆ। ਵਿਅਕਤੀ ਨੇ ਇਸ ਸੰਬੰਧੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਕਤ ਦੋਸ਼ੀ ਮਹਿਲਾ ਖਿਲਾਫ ਕਾਰਵਾਈ ਨਹੀਂ ਕੀਤੀ। ਬਾਅਦ ਵਿੱਚ ਨੌਜਵਾਨ ਉਕਤ ਪ੍ਰੀਖਿਆ ਦੀ ਵੀਡੀਓਗ੍ਰਾਫੀ ਦੀ ਫੁਟੇਜ ਹਾਸਿਲ ਕੀਤੀ, ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਈ ਅਤੇ ਉਕਤ ਔਰਤ ’ਤੇ ਥਾਣਾ ਸਦਰ ਦੀ ਪੁਲਿਸ ਨੇ ਧੋਖਾਧੜੀ ਨਾਲ ਈਟੀਟੀ ਦੀ ਪ੍ਰੀਖਿਆ ਦੇਣ ਦੇ ਦੋਸ਼ ਹੇਠ ਧਾਰਾ 417,419 ਤਹਿਤ ਕੇਸ ਦਰਜ ਕੀਤਾ।
ਜਾਂਚ ਅਧਿਕਾਰੀ ਦੇਸ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਨਿਵਾਸੀ ਚੱਕ ਪਾਲੀਵਾਲਾ ਨੇ ਬਿਆਨ ਦਰਜ ਕਰਵਾਏ ਸਨ ਕਿ ਮਨਜੀਤ ਕੌਰ ਨਿਵਾਸੀ ਕਮਲ ਦੀ ਉਸ ਦੀ ਤਲਾਕਸ਼ੁਦਾ ਪਤਨੀ ਸੀ ਜੋ ਕਾਫੀ ਸਮੇਂ ਤੋਂ ਆਪਣੇ ਮਾਪਿਆਂ ਨਾਲ ਰਹਿ ਰਹੀ ਹੈ। ਕਿਸੇ ਨੇ ਉਸ ਨੂੰ ਦੱਸਿਆ ਕਿ ਮਨਜੀਤ ਕੌਰ 29 ਨਵੰਬਰ 2020 ਨੂੰ ਪੰਜਾਬ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪ੍ਰੀਖਿਆ ਦੇਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜਲਾਲਾਬਾਦ ਵਿੱਚ ਆਈ ਹੋਈ ਹੈ ਜਦਕਿ ਉਸ ਦੀ ਜਾਣਕਾਰੀ ਅਨੁਸਾਰ ਮਨਜੀਤ ਕੌਰ ਨੇ ਨਾ ਤਾਂ ਈਟੀਟੀ ਕੀਤੀ ਹੈ ਅਤੇ ਨਾ ਹੀ ਪੀਟੇਟ ਪਾਸ ਹੈ ਤੇ ਇਹ ਯੋਗਤਾ ਉਸ ਦੀ ਭੈਣ ਹਰਬੰਸ ਕੌਰ ਦੀ ਹੈ। ਮਨਜੀਤ ਕੌਰ ਨੇ ਐਮਬੀਏ ਕੀਤੀ ਹੋਈ ਸੀ। ਉਸ ਨੂੰ ਸ਼ੱਕ ਹੋਇਆ ਕਿ ਉਹ ਆਪਣੀ ਭੈਣ ਦੀ ਥਾਂ ਪੇਪਰ ਦੇ ਰਹੀ ਹੈ ਤਾਂਜੋ ਉਹ ਪਾਸ ਹੋ ਜਾਵੇ।
ਉਹ ਸਵੇਰੇ 11.45 ਵਜੇ ਟੈਸਟ ਵਾਲੀ ਥਾਂ’ ਤੇ ਸਕੂਲ ਪਹੁੰਚਿਆ ਤਾਂ ਮਨਜੀਤ ਕੌਰ ਜਦੋਂ ਪ੍ਰੀਖਿਆ ਖਤਮ ਹੋਣ ‘ਤੇ ਉਹ ਬਾਹਰ ਆਈ। ਉਸ ਦਾ ਜੀਜਾ ਚਰਨਜੀਤ ਜੋਕਿ ਹਰਬੰਸ ਦਾ ਪਤੀ ਹੈ, ਉਸ ਨੂੰ ਲੈਣ ਆਇਆ ਹੋਇਆ ਸੀ। ਹਰਬੰਸ ਕੌਰ ਉਥੇ ਨਹੀਂ ਸੀ। ਉਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਹਰਬੰਸ ਕੌਰ ਨੂੰ ਅਲਾਟ ਰੋਲ ਨੰਬਰ 231275 ’ਤੇ ਉਸ ਦੀ ਥਾਂ ਪ੍ਰੀਖਿਆ ਦਿੱਤੀ ਹੈ। ਅਮਰੀਕ ਸਿੰਘ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਵਿੱਚ ਮਨਜੀਤ ਕੌਰ, ਹਰਬੰਸ ਕੌਰ, ਉਸ ਦੇ ਪਤੀ ਚਰਨਜੀਤ ਸਿੰਘ ਤੋਂ ਇਲਾਵਾ ਇਨ੍ਹਾਂ ਦਾ ਚਾਚਾ ਲਕਸ਼ਮਣ ਸਿੰਘ ਵੀ ਸ਼ਾਮਲ ਹੈ ਜੋਕਿ ਸਰਕਾਰੀ ਅਧਿਆਪਕ ਹੈ। ਚਾਚੇ ਕਾਰਨ ਹੀ ਇਸ ਵਿੱਚ ਸਫਲ ਹੋ ਸਕੇ। ਉਸ ਨੇ ਇਸ ਦੀ ਈਮ-ਮੇਲ ਤੇ ਲਿਖਤ ਸ਼ਿਕਾਇਤ ਭੇਜੀ ਪਰ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਅਮਰੀਕ ਸਿੰਘ ਨੇ ਡਾਇਰੈਟਰ ਸਿੱਖਿਆ ਭਰਤੀ ਪੰਜਾ ਬਅਤੇ ਡੀਈਓ ਫਾਜ਼ਿਲਕਾ ਨਾਲ ਪੱਤਰ-ਵਿਹਾਰ ਕਰਕੇ ਇਸ ਪ੍ਰੀਖਿਆ ਦੌਰਾਨ ਕੀਤੀ ਗਈ ਫੋਟੋਗ੍ਰਾਫੀ ਵੀਡੀਓਗ੍ਰਾਫੀ ਦੀ ਫੁਟੇਜ ਹਾਸਲ ਕੀਤੀ, ਜਿਸ ਵਿੱਚ ਸਾਰੀ ਸੱਚਾਈ ਸਾਹਮਣੇ ਆਈ ਅਤੇ ਐਸਐਸਪੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਮਨਜੀਤ ਕੌਰ ‘ਤੇ ਮਾਮਲਾ ਦਰਜ ਕੀਤਾ ਗਿਆ।