Winnipeg Voices for Farmers : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 87ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗੁਆਈ ਹੈ। ਵਿਦੇਸ਼ਾਂ ਵਿੱਚ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ਾਂ ਉਠ ਰਹੀਆਂ ਹਨ। ਕਿਸਾਨ ਅੰਦੋਲਨ ਵਿੱਚ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਵਿਨੀਪੈਗ ਸਥਿਤ ਮੈਨੀਟੋਬਾ ਵਿੱਚ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਨਿਵੇਕਲਾ ਢੰਗ ਅਪਣਾਇਆ ਗਿਆ, ਜਿਥੇ ਵਿਧਾਨ ਸਭਾ ਦੇ ਬਾਹਰ 200 ਜੁੱਤੀਆਂ ਰੱਖ ਕੇ ਰੋਸ ਪ੍ਰਗਟਾਇਆ ਗਿਆ। ਮੈਨੀਟੋਬਾ ‘ਚ ਨਡੀਪੀ ਦੇ ਪ੍ਰਧਾਨ ਵੈੱਬ ਕਿਨਵ ਨੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦਿਆਂ ਕਿਹਾ ਕਿ ਸ਼ਾਂਤਮਈ ਸੰਘਰਸ਼ ਕਰਨਾ ਸਾਰਿਆਂ ਦਾ ਅਧਿਕਾਰ ਹੈ।
ਉਥੇ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਇਹ 200 ਜੁੱਤੀਆਂ ਦੇ ਜੋੜੇ ਰਖੇ ਗਏ ਹਨ ਕਿਉਂਕਿਇਨ੍ਹਾਂ 200 ਜੋੜਿਆਂ ਨੂੰ ਹੁਣ ਉਨ੍ਹਾਂ ਵਿੱਚ ਪੈਣ ਵਾਲੇ ਪੈਰ ਮੁੜ ਕਦੇ ਨਸੀਬ ਨਹੀਂ ਹੋਣਗੇ। ਇਸ ਦੌਰਾਨ ਭਾਰਤ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਹੱਥਾਂ ਵਿੱਚ ਸਲੋਗਨ ਵੀ ਫੜੇ ਹੋਏ ਸਨ, ਜਿਸ ‘ਤੇ ਲਿਖਿਆ ਹੋਇਆ ਸੀ ਕਿ ਅਮੀਰਾਂ ਦਾ ਢਿੱਡ ਭਰਨ ਲਈ ਕਿਸਾਨਾਂ ਦਾ ਕਤਲ ਨਾ ਕਰੋ।
ਦੱਸ ਦੇਈਏ ਕਿ ਕਿਸਾਨ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਕੁਝ ਵੀ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਇਹ ਕਾਨੂੰਨ ਆ ਗਿਆ ਤਾਂ ਐਮਐਸਪੀ ਪ੍ਰਣਾਲੀ ਖਤਮ ਹੋ ਜਾਏਗੀ ਅਤੇ ਉਹ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਜਾਣਗੇ। ਪਰ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਾਂ ਤਿਆਰ ਪਰ ਰੱਦ ਕਰਨ ਲਈ। ਹੁਣ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਵੀ ਤੇਜ਼ ਕਰਨ ਦਾ ਮਨ ਬਣਾ ਲਿਆ ਹੈ। ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਮਹਾਪੰਚਾਇਤਾਂ ਕੀਤੀਆ ਜਾ ਰਹੀਆਂ ਹਨ।