Minister sanjeev baliyaan shamli : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 89 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਪਰ ਹੁਣ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਭਾਜਪਾ ਦੀ ਨਵੀਂ ਯੋਜਨਾ ‘ਤੇ ਵੀ ਕਿਸਾਨਾਂ ਦਾ ਗੁੱਸਾ ਭਾਰੀ ਪੈ ਰਿਹਾ ਹੈ। ਨਵੇਂ ਖੇਤੀਬਾੜੀ ਕਾਨੂੰਨਾਂ ਦੇ ਲਾਭ ਦੱਸਣ ਲਈ ਪਿੰਡਾਂ ‘ਚ ਪਹੁੰਚ ਰਹੇ BJP ਦੇ ਮੰਤਰੀਆਂ ਦੀ ਹੁਣ ਪਿੰਡਾਂ ਦੇ ਵਿੱਚ ਐਂਟਰੀ ਹੀ ਬੰਦ ਕਰ ਦਿੱਤੀ ਗਈ ਹੈ। ਜਿੱਥੇ ਪਹਿਲਾ ਪੰਜਾਬ ਅਤੇ ਹਰਿਆਣੇ ਦੇ ਵਿੱਚ ਭਾਜਪਾ ਦੇ ਮੰਤਰੀਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਯੂਪੀ ਦੇ ਵਿੱਚ ਵੀ ਭਾਜਪਾ ਆਗੂਆਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਤੇ ਦਿਨ ਕੇਂਦਰੀ ਮੰਤਰੀ ਸੰਜੀਵ ਬਾਲਿਅਨ ਨੂੰ ਸ਼ਾਮਲੀ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸ਼ਾਮਲੀ ਦੇ ਭੈਸਵਾਲ ਵਿੱਚ ਸੰਜੀਵ ਬਾਲਿਅਨ ਅਤੇ ਭਾਜਪਾ ਖ਼ਿਲਾਫ਼ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਮੰਤਰੀ ਦੇ ਕਾਫਲੇ ਦੇ ਸਾਹਮਣੇ ਟਰੈਕਟਰ ਲਗਾ ਕੇ ਉਨ੍ਹਾਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਜਿਸ ਕਾਰਨ ਮੰਤਰੀ ਦਾ ਕਾਫਲਾ ਪਿੰਡ ਤੋਂ ਵਾਪਿਸ ਪਰਤ ਆਇਆ। ਇੰਨਾ ਹੀ ਨਹੀਂ, ਜਦੋਂ ਮੰਤਰੀ ਦਾ ਕਾਫਲਾ ਜਾ ਰਿਹਾ ਸੀ ਤਾਂ ਪਿੰਡ ਵਾਸੀਆਂ ਨੇ ਜੈਯੰਤ ਚੌਧਰੀ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਸੰਜੀਵ ਬਾਲਿਅਨ ਦਾ ਵਿਰੋਧ ਕੀਤਾ।