Doctors dead heart transplant : ਵਿਸ਼ਵ ਵਿੱਚ ਇਲਾਜ ਦੇ ਖੇਤਰ ਵਿੱਚ ਤਬਦੀਲੀਆਂ ਦੇ ਨਾਲ-ਨਾਲ ਇੱਕ ਕ੍ਰਾਂਤੀ ਆ ਰਹੀ ਹੈ। ਇਸ ਦੀ ਇੱਕ ਤਾਜਾ ਉਦਾਹਰਣ ਬ੍ਰਿਟੇਨ ਤੋਂ ਸਾਹਮਣੇ ਆਈ ਹੈ। ਜਿੱਥੇ ਬ੍ਰਿਟੇਨ ਦੇ ਡਾਕਟਰਾਂ ਨੇ ਇੱਕ ਵਿਸ਼ੇਸ਼ ਮਸ਼ੀਨ ਦੀ ਸਹਾਇਤਾ ਨਾਲ ਚਮਤਕਾਰ ਕੀਤਾ ਹੈ। ਦਰਅਸਲ, ਡਾਕਟਰਾਂ ਨੇ 6 ਬੱਚਿਆਂ ਵਿੱਚ ਦਿਲ ਦਾ ਟ੍ਰਾਂਸਪਲਾਂਟ ਕੀਤਾ ਹੈ, ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਦਿਲ ਮਰੇ ਹੋਏ ਲੋਕਾਂ ਦੇ ਸਨ। ਇਨ੍ਹਾਂ ਦਿਲਾਂ ਨੂੰ ਇੱਕ ਵਿਸ਼ੇਸ਼ ਮਸ਼ੀਨ ਦੁਆਰਾ ਸੁਰਜੀਤ ਕੀਤਾ ਗਿਆ ਸੀ। ਇਹ ਕਾਰਨਾਮਾ ਇਤਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿਉਂਕਿ ਹੁਣ ਤੱਕ ਟ੍ਰਾਂਸਪਲਾਂਟ ਲਈ ਉਨ੍ਹਾਂ ਲੋਕਾਂ ਦਾ ਦਿਲ ਲਿਆ ਜਾਂਦਾ ਸੀ ਜੋ ਦਿਮਾਗ ਤੌਰ ‘ਤੇ ਡੈੱਡ ਹੋ ਚੁੱਕੇ ਹੁੰਦੇ ਸਨ। ਇਸ ਟ੍ਰਾਂਸਪਲਾਂਟ ਤੋਂ ਬਾਅਦ, ਹੁਣ ਇਲਾਜ ਦੇ ਖੇਤਰ ਵਿਚ ਇੱਕ ਹੋਰ ਕ੍ਰਾਂਤੀ ਆਈ ਹੈ।
ਕੈਂਬਰਿਜਸ਼ਾਇਰ ਦੇ ਰਾਇਲ ਪੈਪਵਰਥ ਹਸਪਤਾਲ ਦੇ ਡਾਕਟਰਾਂ ਨੇ ਅੰਗਾਂ ਦੀ ਦੇਖਭਾਲ ਦੀ ਇੱਕ ਮਸ਼ੀਨ ਨਾਲ ਮਰੇ ਵਿਅਕਤੀਆਂ ਦੇ ਦਿਲ ਨੂੰ ਜ਼ਿੰਦਾ ਕੀਤਾ, ਜਿਸ ਤੋਂ ਬਾਅਦ ਇੱਕ ਜਾਂ ਦੋ ਨਹੀਂ ਬਲਕਿ 6 ਬੱਚਿਆਂ ਦੇ ਸਰੀਰ ਵਿੱਚ ਧੜਕਣ ਪੈਦਾ ਕਰ ਦਿਤੀ। ਐਨਐਚਐਸ ਦੇ ਆਰਗੇਨ ਡੋਨੇਸ਼ਨ ਐਂਡ ਟਰਾਂਸਪਲਾਂਟੇਸ਼ਨ ਵਿਭਾਗ ਦੇ ਡਾਇਰੈਕਟਰ ਡਾ. ਜੌਨ ਫੋਰਸਥੀ ਨੇ ਕਿਹਾ – “ਸਾਡੀ ਟੈਕਨਾਲੋਜੀ ਸਿਰਫ ਯੂਕੇ ਵਿੱਚ ਨਹੀਂ, ਬਲਕਿ ਦੁਨੀਆ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਏਗੀ।” ਇਹ ਕਾਰਨਾਮਾ ਕਰਨ ਵਾਲੀ ਇਹ ਵਿਸ਼ਵ ਦੀ ਪਹਿਲੀ ਟੀਮ ਬਣ ਗਈ ਹੈ। ਇਸ ਤਕਨੀਕ ਨੇ 12 ਤੋਂ 16 ਸਾਲ ਦੀ ਉਮਰ ਦੇ 6 ਅਜਿਹੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ, ਜੋ ਪਿੱਛਲੇ ਦੋ-ਤਿੰਨ ਸਾਲਾਂ ਤੋਂ ਅੰਗ-ਦਾਨ ਦੇ ਰੂਪ ਵਿੱਚ ਦਿਲ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਸਨ। ਇਸਦਾ ਅਰਥ ਇਹ ਹੈ ਕਿ ਲੋਕ ਹੁਣ ਮਰਨ ਤੋਂ ਬਾਅਦ ਵਧੇਰੇ ਦਿਲ ਦਾਨ ਕਰਨ ਦੇ ਯੋਗ ਹੋਣਗੇ। ਹੁਣ ਲੋਕਾਂ ਨੂੰ ਟਰਾਂਸਪਲਾਂਟ ਦਾ ਇੰਤਜ਼ਾਰ ਵੀ ਨਹੀਂ ਕਰਨਾ ਪਏਗਾ।