shri guru teg bahadur ji: ਨੌਵੇਂ ਨਾਨਕ ਗੁਰੂ ਤੇਗ ਬਹਾਦਰ ਨੇ ਕਲਮਾ ਪੜ੍ਹਨ ਦੇ ‘ਹੁਕਮ’ ਦੀ ਤਾਮੀਲ ਕਰਨ ਦੀ ਬਜਾਏ ਆਪਣਾ ਸੀਸ ਕਲਮ ਕਰਵਾਉਣ ਨੂੰ ਤਰਜੀਹ ਦਿੱਤੀ ਤਾਂ ਇਤਿਹਾਸ ਨੇ ਆਪ ਦੀ ‘ਹਿੰਦ ਦੀ ਚਾਦਰ’ ਜਾਂ ‘ਧਰਮ ਦੀ ਚਾਦਰ’ ਕਹਿ ਕੇ ਵਡਿਆਈ ਕੀਤੀ। ਆਪ ਸ਼ਹੀਦਾਂ ਦੇ ਸਿਰਤਾਜ, ਗੁਰੂ ਅਰਜਨ ਦੇਵ ਜੀ ਦੇ ਪੋਤਰੇ, ਸੰਤ-ਸਿਪਾਹੀ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਪਿਤਾ ਹਨ, ਜਿਨ੍ਹਾਂ ਜ਼ੁਲਮ ਦਾ ਟਾਕਰਾ ਕਰਨ ਲਈ ਮਜ਼ਲੂਮਾਂ ਨੂੰ ਜਥੇਬੰਦ ਕਰਨ ਲਈ ਸਿਰ ਧੜ ਦੀ ਬਾਜ਼ੀ ਲਾਈ ਸੀ। ਆਪ ਬਾਣੀ ਦੇ ਰੂਪ ਵਿੱਚ ਗੁਰੂ ਅਤੇ ਉਸ ’ਤੇ ਤਾਣੇ ਹੋਏ ਚੰਦੋਏ ਵਾਂਗ ਸਾਡੇ ਵਿੱਚ ਅੱਜ ਵੀ ਬਿਰਾਜਮਾਨ ਹਨ। ਦਿੱਲੀ ਤੋਂ ਆਨੰਦਪੁਰ ਸਾਹਿਬ ਤਕ, ਦੁਨੀਆਂ ਦਾ ਇੱਕੋ-ਇੱਕ ਅਨੂਠਾ ਮਾਰਗ ਹੈ ਜਿਸ ’ਤੇ ਸੀਸ ਅਤੇ ਅਸੀਸ ਹਮਸਫ਼ਰ ਰਹੇ ਹਨ। ਇਹ ‘ਅਤਿ ਤੇ ਖ਼ੁਦਾ ਦਾ ਵੈਰ’ ਵਾਲਾ ਵੇਲਾ ਸੀ। ਜ਼ੁਲਮ ਦੀ ਹਨੇਰੀ ਨੂੰ ਠੱਲ੍ਹਣ ਲਈ ਜਦੋਂ ਗੁਰੂ ਤੇਗ ਬਹਾਦਰ ਨੇ ਚਾਂਦਨੀ ਚੌਂਕ (ਦਿੱਲੀ) ਵਿੱਚ 11 ਨਵੰਬਰ 1675 ਨੂੰ ਬਲੀਦਾਨ ਦਿੱਤਾ ਤਾਂ ਭਾਈ ਜੈਤਾ ਜੀ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਉਨ੍ਹਾਂ ਦਾ ਸੀਸ ਆਨੰਦਪੁਰ ਸਾਹਿਬ ਪਹੁੰਚਾਇਆ ਸੀ।
ਸੀਸ ਬਦਲੇ ‘ਰੰਘਰੇਟਾ ਗੁਰੂ ਕਾ ਬੇਟਾ’ ਦੀ ਅਸੀਸ ਮਿਲੀ ਸੀ। ਸੀਸ ਅਤੇ ਅਸੀਸ ਦਾ ਅਦੁੱਤੀ ਘਟਨਾਮੇਲ! ਆਮ ਲੋਕਾਂ ਨੂੰ ਖ਼ੌਫ਼ਜ਼ਦਾ ਕਰਨ ਲਈ ਅਹਿਲਕਾਰਾਂ ਨੂੰ ਗੁਰੂ ਜੀ ਦੀ ਦੇਹ ਚੌਂਕ ਵਿੱਚ ਪਏ ਰਹਿਣ ਦਾ ਆਦੇਸ਼ ਦਿੱਤਾ ਗਿਆ ਸੀ। ਔਰੰਗਜ਼ੇਬ ਦੇ ਜ਼ੁਲਮ ਦੀ ਪਰਵਾਹ ਨਾ ਕਰਦਿਆਂ ਭਾਈ ਲੱਖੀ ਸ਼ਾਹ ਵਣਜਾਰਾ ਤੇ ਉਸ ਦੇ ਸਪੁੱਤਰ ਨਿਗਾਹੀਆ ਗੁਰੂ ਜੀ ਦਾ ਧੜ ਰੂੰ ਤੇ ਅਨਾਜ ਨਾਲ ਭਰੇ ਹੋਏ ਗੱਡੇ ਵਿੱਚ ਲੁਕਾ ਕੇ ਹਵਾ ਨਾਲ ਗੱਲਾਂ ਕਰਨ ਲੱਗ ਪਏ ਸਨ। ਉਨ੍ਹਾਂ ਪਿਓ-ਪੁੱਤਾਂ ਨੇ ਪਿੰਡ ਰਾਇਸਾਨਾ ਵਿਖੇ ਗੁਰੂ ਜੀ ਦੀ ਦੇਹ ਨੂੰ ਰੱਖ ਕੇ ਆਪਣੇ ਘਰ (ਹੁਣ ਗੁਰਦੁਆਰਾ ਰਕਾਬ ਗੰਜ) ਨੂੰ ਲਾਂਬੂ ਲਾ ਦਿੱਤਾ ਤਾਂ ਜੋ ਸਸਕਾਰ ਬਾਰੇ ਕਿਸੇ ਨੂੰ ਭਿਣਕ ਨਾ ਪਵੇ। ਅਜਿਹਾ ਸਸਕਾਰ ਅਤੇ ਅੰਤਿਮ ਸੰਸਕਾਰ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਜਦੋਂ ਕਿਸੇ ਸੇਵਕ ਨੇ ਆਪਣੇ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਪਣੇ ਘਰ ਨੂੰ ਲਾਂਬੂ ਲਾ ਦਿੱਤਾ ਹੋਵੇ। ਭਾਈ ਲੱਖੀ ਸ਼ਾਹ ਵਣਜਾਰਾ ਤੇ ਭਾਈ ਜੈਤਾ ਜੀ ਦੇ ਨਾਮ ਲੇਵਾ ਆਪਣੇ ਆਪ ਨੂੰ ਧੰਨ ਸਮਝਦੇ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਆਪਣੇ ਗੁਰੂ ਨਾਲ ਤੋੜ ਤਕ ਨਿਭਾਈ ਸੀ। ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਕੁਰਬਾਨੀ ਦਾ ਮਾਰਗ ਬਣ ਗਿਆ। ਭਾਈ ਜੈਤਾ ਦੀ ਸੋਚ ਨੂੰ ਪਰਨਾਏ ਭਾਈ ਮਨਜੀਤ ਸਿੰਘ ਜ਼ੀਰਕਪੁਰ ਹਰ ਸਾਲ ਨਵੰਬਰ ਦੇ ਮਹੀਨੇ ‘ਸੀਸ ਮਾਰਗ ਯਾਤਰਾ’ (ਨਗਰ ਕੀਰਤਨ) ਦਾ ਆਯੋਜਨ ਕਰਦੇ ਹਨ। ਇਹ ਯਾਤਰਾ ਉਨ੍ਹਾਂ ਸਾਰੀਆਂ ਮੁਕੱਦਸ ਥਾਵਾਂ ਤੋਂ ਹੁੰਦੀ ਹੋਈ ਆਨੰਦਪੁਰ ਸਾਹਿਬ ਵਿਖੇ ਪਹੁੰਚਦੀ ਹੈ ਜਿਨ੍ਹਾਂ ਰਾਹਾਂ ਤੋਂ ਮਸ਼ਾਲ ਵਰਗਾ ਸੀਸ ਗੁਜ਼ਰਿਆ ਸੀ। ਦੁਨੀਆਂ ਵਿੱਚ ਵੱਖਰੀ ਤਰ੍ਹਾਂ ਦੀ ਮਿਸਾਲ ਬਣੀ ਇਹ ਮਸ਼ਾਲ ਜ਼ੁਲਮ ਦੇ ਹਨੇਰੇ ਤੇ ਹਨੇਰੀ ਖ਼ਿਲਾਫ਼ ਚਿਣਗਾਂ ਤੇ ਚਾਨਣ ਵੰਡਦੀ ਗਈ।
ਇਸ ਮਸ਼ਾਲ ਨੇ ਜ਼ਾਲਮਾਂ ਨੂੰ ਸਰੇਬਾਜ਼ਾਰ ਵੰਗਾਰਿਆ ਤੇ ਲਲਕਾਰਿਆ ਸੀ। ਈਨ ਮੰਨਣ ਵਾਲਿਆਂ ਦਾ ਦੀਨ ਬਹੁਤਾ ਚਿਰ ਨਹੀਂ ਚੱਲਦਾ। ਈਨ ਮੰਨਣ ਵਾਲਿਆਂ ਦੇ ਸਿਰਾਂ ਨੂੰ ਆਪਣੀ ਜਾਨ ਵਾਂਗ ਕੌਣ ਸੰਭਾਲਦਾ ਹੈ? ਜੰਗ ਰਾਜ-ਸੱਤਾ ਅਤੇ ਧਰਮ-ਸੱਤਾ ਦੀ ਸੀ। ਮੁਕਾਬਲਾ ਦਿੱਲੀ ਤਖ਼ਤ ਅਤੇ ਮੀਰੀ-ਪੀਰੀ ਵਾਲੇ ਤਖ਼ਤ ਦਰਮਿਆਨ ਸੀ। ਸਿਪਾਹੀਆਂ ਤੇ ਸੰਤ-ਸਿਪਾਹੀਆਂ ਦੇ ਘੋਲ ਵਿੱਚੋਂ ਜਿੱਤ ਆਖ਼ਰ ‘ਸੱਚੇ ਮਾਰਗਿ’ ’ਤੇ ਚੱਲਣ ਵਾਲਿਆਂ ਦੀ ਹੋਣੀ ਸੀ। ਇਹ ਉਹ ਜੋਤ ਸੀ ਜੋ ਚਾਂਦਨੀ ਚੌਂਕ ਵਿੱਚ ਝੁੱਲਣ ਵਾਲੀ ਲਾਲ ਹਨੇਰੀ ਵਿੱਚ ਵੀ ਅਡੋਲ ਰਹੀ ਸੀ। ਇਹ ਤਾਂ ‘‘ਭੈ ਕਾਹੂੰ ਕਉ ਦੇਤ ਨਹਿ ਨਹਿ ਭੈ ਮਾਨਤ ਆਨ’’ ਦੀ ਤਰਜਮਾਨੀ ਕਰਨ ਵਾਲੀ ਲਟ-ਲਟ ਬਲਣ ਵਾਲੀ ਜੋਤ ਸੀ। ਲੋਕ ਗੁਰੂ ਜੀ ਨੂੰ ਸੁਝਾਅ ਦਿੰਦੇ ਕਿ ਅਜਿਹੇ ਮਾਰਗ ’ਤੇ ਚੱਲਣ ਵਾਲਿਆਂ ਲਈ ਮੌਤ ਅਟੱਲ ਹੈ। ਇਹ ਸੁਣ ਕੇ ਉਹ ਸ਼ਬਦ ਉਚਾਰਦੇ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।।
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀਂ ਕੋਇ।।
ਵਕੀਲ ਨੇ ਕੇਂਦਰ ਦੀ ਕੱਢ ਦਿੱਤੀ ਚਿੱਬ , ਮੋਦੀ ਤੋਂ ਕਾਇਰ, ਡਰਪੋਕ ਪ੍ਰਧਾਨ ਮੰਤਰੀ ਨਹੀਂ ਦੇਖਿਆ ਜੋ ਬੱਚੀ ਤੋਂ ਡਰ ਗਿਆ