High court adjourns hearing on Naudeep Kaur case : ਮਜ਼ਦੂਰ ਕਾਰਕੁੰਨ ਨੌਦੀਪ ਕੌਰ ਦੀ ਹਿਰਾਸਤ ਵਿਚ ਹੋਣ ਕੁੱਟਮਾਰ ਤੇ ਜ਼ਮਾਨਤ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਵੱਲੋਂ ਵੀਡੀਓ ਪੇਸ਼ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਕਿ ਨੌਦੀਪ ਕੌਰ ਲੋਕਾਂ ਨੂੰ ਭੜਕਾ ਰਹੀ ਸੀ। ਇਸ ਦੇ ਨਾਲ ਹੀ ਉਸਨੇ ਪੁਲਿਸ ਨੂੰ ਸਬਕ ਸਿਖਾਉਣ ਦੀ ਗੱਲ ਵੀ ਕੀਤੀ। ਕੁਝ ਮੈਡੀਕਲ ਰਿਪੋਰਟਾਂ ਸੋਨੀਪਤ ਡੀਐਸਪੀ ਦੇ ਹਲਫੀਆ ਬਿਆਨ ਨਾਲ ਜੁੜੀਆਂ ਨਹੀਂ ਸਨ। ਇਨ੍ਹਾਂ ਰਿਪੋਰਟਾਂ ਨੂੰ ਰਿਕਾਰਡ ‘ਤੇ ਲਿਆਉਣ ਲਈ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਜੇਲ੍ਹ ਵਿੱਚ ਬੰਦ ਮਜ਼ਦੂਰ ਕਾਰਕੁੰਨ ਨੌਦੀਪ ਕੌਰ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਜ਼ਮਾਨਤ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਸੋਨੀਪਤ ਪੁਲਿਸ ਨੇ ਉਸ ਨੂੰ ਹੱਤਿਆ ਦੀ ਕੋਸ਼ਿਸ਼ ਦੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਥਾਣੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਸੀ। 24 ਸਾਲਾ ਨੌਦੀਪ ਕੌਰ ਨੇ ਇਹ ਵੀ ਕਿਹਾ ਕਿ ਮਹਿਲ ਪੁਲਿਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਵਿਚ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਸੀਆਰਪੀਸੀ ਦੀ ਧਾਰਾ 54 ਅਧੀਨ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਕੋਈ ਡਾਕਟਰੀ ਜਾਂਚ ਕੀਤੀ ਗਈ ਸੀ।
ਨੌਦੀਪ ਜੋ ਕਿ ਪੰਜਾਬ ਨਾਲ ਸਬੰਧਤ ਹੈ, ਇਸ ਸਮੇਂ ਕਰਨਾਲ ਜ਼ਿਲ੍ਹਾ ਜੇਲ੍ਹ ਵਿੱਚ ਹੈ। ਨੌਦੀਪ ਨੇ ਸੋਨੀਪਤ ਪੁਲਿਸ ‘ਤੇ ਕੁੰਡਲੀ ਇੰਡਸਟਰੀਅਲ ਏਰੀਆ ਐਸੋਸੀਏਸ਼ਨ (ਕੇਆਈਏ) ਨਾਲ ਗਲਤ ਸਬੰਧਾਂ ਰਾਹੀਂ ਮਜ਼ਦੂਰਾਂ ਦੀ ਯੂਨੀਅਨਬੰਦੀ ਨੂੰ ਰੋਕਣ ਲਈ ਜਾਣਬੁੱਝ ਕੇ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ। ਇਹ ਪਟੀਸ਼ਨ ਸੋਮਵਾਰ ਨੂੰ ਜਸਟਿਸ ਅਵਨੀਸ਼ ਝੀਂਗਨ ਸਾਹਮਣੇ ਸੁਣਵਾਈ ਲਈ ਆਈ ਸੀ।