An SUV parked near the Reliance : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਖਿਲਾਫ ਵੱਡੀ ਸਾਜਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ, ਮੁਕੇਸ਼ ਦੇ ਘਰ ਐਂਟੀਲੀਆ ਤੋਂ 200 ਮੀਟਰ ਦੀ ਦੂਰੀ ‘ਤੇ ਸ਼ੱਕੀ ਐਸਯੂਵੀ ਤੋਂ ਵੀਰਵਾਰ ਸ਼ਾਮ ਨੂੰ ਜੈਲੇਟਿਨ ਦੀਆਂ 20 ਸਟਿੱਕਸ ਮਿਲੀਆਂ। ਐਸਯੂਵੀ ਦੇ ਅੰਦਰ ਕੁਝ ਨੰਬਰ ਪਲੇਟਾਂ ਵੀ ਮਿਲੀਆਂ ਹਨ। ਇਨ੍ਹਾਂ ਵਿੱਚੋਂ ਕੁਝ ਨੰਬਰ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਿੱਚ ਲੱਗੇ ਵਾਹਨਾਂ ਦੀਆਂ ਨੰਬਰ ਪਲੇਟਾਂ ਨਾਲ ਮਿਲਦੇ-ਜੁਲਦੇ ਹਨ। ਜਾਂਚ ਦੌਰਾਨ ਕਾਰ ਦਾ ਨੰਬਰ ਵੀ ਜਾਅਲੀ ਪਾਇਆ ਗਿਆ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਅਪਰਾਧ ਸ਼ਾਖਾ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ ਸ਼ਾਮ ਨੂੰ ਅੰਬਾਨੀ ਦੇ ਘਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਸਥਾਨਕ ਗਾਮਦੇਵੀ ਥਾਣੇ ਨੂੰ ਐਂਟੀਲੀਆ ਦੇ ਕੋਲ ਖੜੇ ਸ਼ੱਕੀ ਐਸਯੂਵੀ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ‘ਤੇ ਮੁੰਬਈ ਪੁਲਿਸ ਦੀ ਟੀਮ ਕਾਰਮਾਈਕਲ ਰੋਡ ‘ਤੇ ਸਥਿਤ ਅੰਬਾਨੀ ਹਾਊਸ ਪਹੁੰਚੀ। ਇੱਥੇ ਇੱਕ ਸਲੇਟੀ ਰੰਗ ਦੀ ਐਸਯੂਵੀ ਖੜ੍ਹੀ ਸੀ। ਪੁਲਿਸ ਅਧਿਕਾਰੀਆਂ ਨੇ ਤੁਰੰਤ ਬੰਬ ਅਤੇ ਡੌਗ ਸਕੁਐਡ ਟੀਮ ਨੂੰ ਬੁਲਾਇਆ। ਟੀਮ ਨੇ ਇਥੇ ਆਉਣ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਐਸਯੂਵੀ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿੱਚ ਵਾਹਨ ਦੇ ਅੰਦਰ ਜੈਲੇਟਿਨ ਦੀਆਂ 20 ਸਟਿੱਕਸ ਮਿਲੀਆਂ। ਇਸ ਤੋਂ ਬਾਅਦ ਏਟੀਐਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਏਟੀਐਸ ਅੱਤਵਾਦੀ ਐਂਗਲ ਤੋਂ ਪੜਤਾਲ ਕਰ ਰਹੀ ਹੈ।
ਜਾਂਚ ਤੋਂ ਬਾਅਦ ਪੁਲਿਸ ਨੇ ਐਸਯੂਵੀ ਨੂੰ ਮੌਕੇ ਤੋਂ ਹਟਾ ਦਿੱਤਾ ਹੈ। ਗੱਡੀ ਦੇ ਸਹੀ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਅੱਗੇ ਕਿਹਾ ਕਿ ਜੈਲੇਟਿਨ ਦੀਆਂ ਅਜਿਹੀਆਂ ਸਟਿਕਸ ਮਿਲਣ ਤੋਂ ਬਾਅਦ ਕਿਸੇ ਵੀ ਵੱਡੀ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਵੀ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ ਤੱਕ ਖੇਤਰ ਨੂੰ ਸੀਲ ਕਰ ਦਿੱਤਾ ਗਿਆ । ਇਸ ਸਮੇਂ ਆਮ ਲੋਕਾਂ ਲਈ ਟ੍ਰੈਫਿਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ।