Khushi duggan birthday : ਅੱਜ ਕਬੱਡੀ ਦੇ ਵਿੱਚ ਪ੍ਰਿੰਸ ਦੇ ਨਾਮ ਨਾਲ ਜਾਣੇ ਜਾਂਦੇ ਖੁਸ਼ੀ ਦੁੱਗਾਂ ਦਾ ਜਨਮ ਦਿਨ ਹੈ। ਖੁਸ਼ੀ ਦੁੱਗਾਂ ਦੀ ਖੇਡ ਬਾਰੇ ਕਬੱਡੀ ਜਗਤ ਨਾਲ ਜੁੜਿਆ ਹਰ ਬੱਚਾ ਅਤੇ ਬਜ਼ੁਰਗ ਚੰਗੀ ਤਰਾਂ ਜਾਣਦਾ ਹੈ। ਕਿਉਂਕ ਖੁਸ਼ੀ ਦੁੱਗਾਂ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦਾ ਹੈ। ਖੁਸ਼ੀ ਦਾ ਪੂਰਾ ਨਾਮ ਖੁਸ਼ਦੀਪ ਸਿੰਘ ਗਿੱਲ ਹੈ, ਖੁਸ਼ੀ ਦਾ ਜਨਮ 26 ਫਰਵਰੀ 1987 ਦੇ ਵਿੱਚ ਜਿਲ੍ਹੇ ਸੰਗਰੂਰ ਦੇ ਕਸਬੇ ਦਿੜ੍ਹਬਾ ਦੇ ਕੋਲ ਪੈਂਦੇ ਪਿੰਡ ਦੁੱਗਾਂ ਦੇ ਇੱਕ ਜ਼ਿਮੀਦਾਰ ਪਰਿਵਾਰ ਵਿੱਚ ਹੋਇਆ ਹੈ। ਖੁਸ਼ੀ ਦੇ ਪਿਤਾ ਦਾ ਨਾਮ ਸਰਦਾਰ ਨਿਰਮਲ ਸਿੰਘ ਅਤੇ ਮਾਤਾ ਦਾ ਨਾਮ ਹਰਬੰਸ ਕੌਰ ਹੈ। ਖੁਸ਼ੀ ਨੇ ਆਪਣੀ ਖੇਡ ਸਦਕਾ ਦਰਸ਼ਕਾਂ ਦੇ ਪਿਆਰ ਨੂੰ ਰੱਜਕੇ ਲੁੱਟਿਆ ਹੈ।
ਕਬੱਡੀ ਨਾਲ ਥੋੜੀ ਬਹੁਤੀ ਵੀ ਸੂਝ ਬੂਝ ਰੱਖਣ ਵਾਲਾ ਹਰੇਕ ਸ਼ਖਸ ਖੁਸ਼ੀ ਦੀ ਖੇਡ ਦਾ ਦੀਵਾਨਾ ਹੈ। ਖੁਸ਼ੀ ਨੇ ਵਰਲਡ ਕਬੱਡੀ ਕੱਪ ਵਿੱਚ ਭਾਰਤ ਦੀ ਟੀਮ ਦੀ ਕਪਤਾਨੀ ਵੀ ਕੀਤੀ ਹੈ। ਖੁਸ਼ੀ ਪਿੱਛਲੇ ਕਈ ਸਾਲਾਂ ਤੋਂ ਪੰਜਾਬ ਦੇ ਨਾਲ-ਨਾਲ ਕੈਨੇਡਾ, ਅਮਰੀਕਾ, ਤੇ ਹੋਰ ਬਹੁਤ ਦੇਸ਼ਾਂ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਖੁਸ਼ੀ ਨੇ ਹੁਣ ਤੱਕ ਕਬੱਡੀ ਵਿੱਚੋਂ 92 ਮੋਟਰਸਾਈਕਲ ਜਿੱਤ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਇਨਾਮ ਜਿਵੇਂ ਗੱਡੀਆਂ, ਟਰੈਕਟਰ, ਫਰਿਜਾਂ ,ਵਸ਼ਿੰਗ ਮਸ਼ੀਨਾਂ ,ਸੋਨਾ ‘ਤੇ ਨਕਦ ਇਨਾਮ ਵੀ ਜਿੱਤੇ ਹਨ।
ਖੁਸ਼ੀ ਤੋਂ ਇਲਾਵਾ ਅੱਜ ਕਬੱਡੀ ਦੇ ਇੱਕ ਹੋਰ ਸਟਾਰ ਖਿਡਾਰੀ ਦਾ ਜਨਮ ਦਿਨ ਹੈ। ਅੱਜ ਇੰਦਰਜੀਤ ਕਲਸੀਆਂ ਦਾ ਵੀ ਜਨਮ ਦਿਨ ਹੈ। ਇੰਦਰਜੀਤ ਦਾ ਪੂਰਾ ਨਾਮ ਇੰਦਰਜੀਤ ਸਿੰਘ ਹੈ। ਇੰਦਰਜੀਤ ਕਲਸੀਆਂ ਦਾ ਜਨਮ 26 ਫਰਵਰੀ 1995 ਪਿਤਾ ਸ. ਦਲੀਪ ਸਿੰਘ ਦੇ ਘਰ ਮਾਤਾ ਲਖਵੀਰ ਕੌਰ ਦੇ ਕੁੱਖੋਂ ਹੋਇਆ ਹੈ। ਇੰਦਰਜੀਤ ਲੁਧਿਆਣੇ ਜਿਲ੍ਹੇ ਦੇ ਕਸਬੇ ਰਾਏਕੋਟ ਦੇ ਨਜਦੀਕ ਪੈਦੇ ਪਿੰਡ ਕਲਸੀਆਂ ਦਾ ਰਹਿਣ ਵਾਲਾ ਹੈ। ਇੰਦਰਜੀਤ ਨੇ ਆਪਣੀ ਖੇਡ ਸਦਕਾ ਥੋੜੇ ਸਮੇ ਵਿੱਚ ਹੀ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ। ਇੰਦਰਜੀਤ ਨੇ ਪੰਜਾਬ ਦੇ ਇਲਾਵਾ ਕੈਨੇਡਾ ਅਤੇ ਦੁਬਈ ਵਰਗੇ ਦੇਸ਼ਾਂ ਦੇ ਵਿੱਚ ਵੀ ਆਪਣੀ ਖੇਡ ਦੇ ਜੌਹਰ ਦਿਖਾਏ ਹਨ। ਜੇਕਰ ਇੰਦਰਜੀਤ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕੀਤੀ ਜਾਵੇ ਤਾ ਉਨ੍ਹਾਂ ਵਿੱਚ ਮੋਟਰਸਾਈਕਲ, ਗੱਡੀਆਂ, ਟਰੈਕਟਰ, ਸੋਨੇ ਦੀਆਂ ਮੁੰਦੀਆਂ, LED ਅਤੇ ਨਕਦ ਰਾਸ਼ੀ ਵਰਗੇ ਵੱਡੇ ਇਨਾਮ ਹਨ।
ਪੰਜਾਬੀਆਂ ਦਾ ਖੇਡਾਂ ਦੇ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ, ਖਾਸਕਰ ਉਨ੍ਹਾਂ ਖੇਡਾਂ ਨਾਲ ਜਿਨ੍ਹਾਂ ‘ਚ ਜੋਸ਼ ਦੇ ਨਾਲ-ਨਾਲ ਜ਼ੋਰ ਦੀ ਬਹੁਤ ਜਰੂਰਤ ਹੁੰਦੀ ਹੈ। ਜਿੰਨ੍ਹਾਂ ‘ਚ ਕੁਸ਼ਤੀ ਅਤੇ ਕਬੱਡੀ ਦੋ ਅਹਿਮ ਖੇਡਾਂ ਰਹੀਆਂ ਹਨ। ਇਨ੍ਹਾਂ ਵਿੱਚ ਕਬੱਡੀ ਖੇਡ ਅੱਜ ਪੰਜਾਬੀਆਂ ਵੱਲੋਂ ਪੂਰੀ ਦੁਨੀਆਂ ‘ਚ ਖੇਡੀ ਜਾ ਰਹੀ ਹੈ। ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਵੀ ਕਿਹਾ ਜਾਂਦਾ ਹੈ। ਕਬੱਡੀ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਅੱਜ ਦੁਨੀਆਂ ਦੇ ਵੱਡੇ ਵੱਡੇ ਮੈਦਾਨਾਂ ‘ਚ ਖੇਡੀ ਜਾਂਦੀ ਹੈ। ਭਾਵੇਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰਦਿਆਂ ਕਈ ਰਿਕਾਰਡ ਕਾਇਮ ਕੀਤੇ ਹਨ, ਪਰ ਫਿਰ ਵੀ ਕਬੱਡੀ ਦਾ ਨੰਬਰ ਸਭ ਤੋਂ ਪਹਿਲਾ ਆਉਂਦਾ ਹੈ। ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ। ਪੰਜਾਬ ਸਟਾਈਲ ਕਬੱਡੀ ਦੇ ਵਰਲਡ ਕੱਪ ਵੀ ਹੋ ਚੁੱਕੇ ਹਨ। ਜਿੰਨ੍ਹਾਂ ‘ਚ ਦੁਨੀਆਂ ਭਰ ਦੇ ਖਿਡਾਰੀਆਂ ਨੇ ਆਪਣੇ ਖੇਡ ਦੇ ਜੌਹਰ ਦਿਖਾਏ ਹਨ।