Deep Sidhu raised questions : ਨਵੀਂ ਦਿੱਲੀ : 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਅਤੇ ਹੋਰ ਥਾਵਾਂ ’ਤੇ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਦਿੱਲੀ ਪੁਲਿਸ ਦੀ ਜਾਂਚ ’ਤੇ ਸਵਾਲ ਚੁੱਕਦਿਆਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਉਸਦੇ ਮਾਮਲੇ ਵਿੱਚ ਜਾਂਚ ਪੱਖਪਾਤ ਰਹਿਤ ਨਹੀਂ ਹੋ ਰਹੀ।
ਅੱਜ ਅਦਾਲਤ ਵਿੱਚ ਦਾਇਰ ਪਟੀਸ਼ਨ ਦੀਪ ਸਿੱਧੂ ਨੇ ਕਿਹਾ ਕਿ ਉਹ ਹਿੰਸਾ ਵਾਲੇ ਦਿਨ ਦੁਪਹਿਰ 12 ਵਜੇ ਤਕ ਮੁਰਥਲ ਸਥਿਤ ਆਪਣੇ ਹੋਟਲ ਵਿੱਚ ਸੀ ਅਤੇ ਦੁਪਹਿਰ 2 ਵਜੇ ਹੀ ਲਾਲ ਕਿਲ੍ਹੇ ਪੁੱਜਾ ਸੀ। ਲਾਲ ਕਿਲ੍ਹੇ ਪੁੱਜਣ ਤੋਂ ਪਹਿਲਾਂ ਹੀ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਉਸ ਨੇ ਨਾ ਤਾਂ ਕੋਈ ਹਿੰਸਕ ਕਾਰਵਾਈ ਕੀਤੀ ਅਤੇ ਨਾ ਹੀ ਹਿੰਸਾ ਭੜਕਾਉਣ ਵਾਲਾ ਕੋਈ ਕੰਮ ਕੀਤਾ, ਸਗੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ, ਜਿਸ ਦੀ ਸੀ.ਸੀ.ਟੀ.ਵੀ.ਫੁੱਟੇਜ ਪੁਲਿਸ ਕੋਲ ਹੈ ਪਰ ਉਸਨੂੰ ਖਦਸ਼ਾ ਹੈ ਕਿ ਇਨ੍ਹਾਂ ਫੁੱਟੇਜ ਅਤੇ ਹੋਰ ਵੀਡੀਓ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਪੁਲਿਸ ਦੀ ਜਾਂਚ ’ਤੇ ਸਵਾਲ ਉਠਾਉਂਦਿਆਂ ਦੀਪ ਸਿੱਧੂ ਨੇ ਕਿਹਾ ਕਿ ਪੁਲਿਸ ਇਸ ਸੰਬੰਧੀ ਉਸਦੇ ਫ਼ੋਨ ਦੀ ‘ਡਾਟਾ ਲੋਕੇਸ਼ਨ’ ਅਤੇ ਉਸਦੀ ਕਾਰ ਦੇ ‘ਨੈਵੀਗੇਸ਼ਨ ਸਿਸਟਮ’ ਦਾ ਰਿਕਾਰਡ ਕਢਵਾ ਸਕਦੀ ਹੈ ਪਰ ਪੁਲਿਸ ਨੇ ਇਸ ਗੱਲ ਨੂੰ ਵੀ ਅਣਗੌਲਿਆਂ ਕਰ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਇਸ ਤੋਂ ਪਹਿਲਾਂ ਦੀਪ ਸਿੱਧੂ ਨੇ ਜੇਲ੍ਹ ਦੇ ਅੰਦਰ ਸੁਰੱਖ਼ਿਆ ਪ੍ਰਦਾਨ ਕਰਨ ਬਾਰੇ ਅਦਾਲਤ ਵਿੱਚ ਲਗਾਈ ਆਪਣੀ ਅਰਜ਼ੀ ਵਾਪਸ ਲੈ ਲਈ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੀਪ ਸਿੱਧੂ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਅਤੇ ਉਸ ਵਿੱਚ ਹੋਰ ਆਗੂਆਂ ਦੇ ਭੜਕਾਊ ਭਾਸ਼ਣ ਦਿਖਾਏ ਸਨ।