Lakha Sidhana Facebook page : ਬਠਿੰਡਾ : ਲੱਖਾ ਸਿਧਾਣਾ ਦੇ ਸੋਸ਼ਲ ਮੀਡੀਆ ‘ਤੇ ਲਗਭਗ 3 ਲੱਖ ਤੋਂ ਵੱਧ ਫਾਲੋਅਰਜ਼ ਹਨ ਤੇ ਉਸ ਦੇ ਫੇਸਬੁੱਕ ਪੇਜ ਨੂੰ ਭਾਰਤ ਵਿਚੋਂ ਹਟਾ ਦਿੱਤਾ ਗਿਆ ਹੈ। ਉਸਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਸ ਦੇ ਪੇਜ ‘ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਉਹ ਭਾਰਤ ਵਿੱਚ ਇਸ ਤੱਕ ਨਹੀਂ ਪਹੁੰਚ ਸਕਦੇ, ਜਦੋਂਕਿ ਅਮਰੀਕਾ ਅਤੇ ਇਟਲੀ ਤੋਂ ਲੋਕ ਪੇਜ ਦੇਖ ਸਕਦੇ ਹਨ।
ਦੱਸਣਯੋਗ ਹੈ ਕਿ ਲੱਖਾ ਸਿਧਾਨਾ ਆਪਣੇ ਫੇਸਬੁੱਕ ਪੇਜ ‘ਤੇ ਪਿਛਲੇ ਦਿਨਾਂ ਤੋਂ ਆਪਣੀਆਂ ਵੀਡੀਓ ਪੋਸਟ ਕਰ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਬਠਿੰਡਾ ਵਿੱਚ ਹੋਣ ਵਾਲੀ ਕਿਸਾਨਾਂ ਦੀ ਮਹਾਰੈਲੀ ਵਿੱਚ ਫੇਸਬੁੱਕ ‘ਤੇ ਵੀਡੀਓ ਪੋਸਟ ਕਰਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਉਹ ਇਸ ਮਹਾਰੈਲੀ ਵਿੱਚ ਵੀ ਨਜ਼ਰ ਆਇਆ ਸੀ। ਉਹ ਹਾਲ ਹੀ ਵਿੱਚ ਬਠਿੰਡਾ ਵਿੱਚ ਇੱਕ ਕਿਸਾਨ ਰੈਲੀ ਵਿੱਚ ਸ਼ਾਮਲ ਹੋਇਆ ਸੀ।
ਦੱਸ ਦੇਈਏ ਕਿ 26 ਜਨਵਰੀ ਹਿੰਸਾ ਦੇ ਮਾਮਲੇ ਵਿੱਚ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਲੱਭ ਰਹੀ ਹੈ ਅਤੇ ਉਸ ‘ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ। ਮੰਗਲਵਾਰ ਨੂੰ ਬਠਿੰਡਾ ਦੀ ਮਹਾਰੈਲੀ ਵਿੱਚ ਲੱਖਾ ਸਿਧਾਣਾ ਨਾ ਸਿਰਫ ਸ਼ਾਮਲ ਹੋਇਆ ਸਗੋਂ ਸਿੱਧਾ ਮੰਚ ‘ਤੇ ਪਹੁੰਚਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਵੀ ਮੌਜੂਦ ਸੀ। ਹੁਣ ਤੱਕ ਲੱਖਾ ਸਿਧਾਨਾ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਜਾਰੀ ਕਰ ਚੁੱਕਾ ਹੈ, ਜਿਸ ਵਿੱਚ ਉਸ ਨੇ ਕਿਸਾਨ ਸੰਗਠਨਾਂ ਸੰਬੰਧੀ ਅਤੇ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਫੇਸਬੁੱਕ ‘ਤੇ ਲਾਈਵ ਹੋ ਕੇ ਚਿੰਤਾ ਪ੍ਰਗਟਾਈ ਸੀ।