Governor fake OSD : ਚੰਡੀਗੜ੍ਹ : ਆਪਣੇ ਆਪ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦਾ ਪ੍ਰਾਈਵੇਟ OSD ਦੱਸ ਕੇ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ‘ਤੇ ਮਹਿੰਗੀ ਸ਼ਰਾਬ ਚੁੱਕਣ ਵਾਲੇ ਇੱਕ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਐਤਵਾਰ ਨੂੰ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੁਲਦੀਪ ਚਾਹਲ ਨੇ ਇਸ ਮੁਲਜ਼ਮ ਦੀ ਗ੍ਰਿਫਤਾਰੀ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਦੋਸ਼ੀ ਦੀ ਪਛਾਣ ਮੁਹਾਲੀ ਦੇ ਖਰੜ ਦੇ ਪਿੰਡ ਮੁੰਡੀ ਖਰੜ ਦੇ ਰਹਿਣ ਵਾਲੇ 50 ਸਾਲਾ ਗੁਰਨਾਮ ਸਿੰਘ ਨੂੰ ਸੈਕਟਰ -17 ਥਾਣੇ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਗੁਰਨਾਮ ਸਿੰਘ ਨੇ ਆਪਣੇ ਆਪ ਨੂੰ ਰਾਜਪਾਲ ਦਾ ਓਐਸਡੀ ਤੇ ਪ੍ਰਾਈਵੇਟ ਸੈਕਟਰੀ ਦੱਸ ਸ਼ਹਿਰ ਦੇ ਕਈ ਸ਼ਰਾਬ ਦੇ ਠੇਕਿਆਂ ‘ਤੇ ਹਜ਼ਾਰਾਂ ਰੁਪਏ ਦੀ ਮਹਿੰਗੀ ਵਿਦੇਸ਼ੀ ਸ਼ਰਾਬ ਚੁੱਕੀ ਸੀ। ਸੈਕਟਰ -17 ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 384, 420 ਅਤੇ 120 ਬੀ ਦੇ ਤਹਿਤ ਕੇਸ ਦਰਜ ਕਰਕੇ ਦੋਸ਼ੀ ਗੁਰਨਾਮ ਸਿੰਘ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਚਾਹਲ ਨੇ ਦੱਸਿਆ ਕਿ 27 ਫਰਵਰੀ ਨੂੰ ਮੁਲਜ਼ਮ ਗੁਰਨਾਮ ਸਿੰਘ ਆਪਣੇ ਆਪ ਨੂੰ ਪੰਜਾਬ ਦੇ ਰਾਜਪਾਲ ਦਾ ਪ੍ਰਾਈਵੇਟ ਸਕੱਤਰ ਹੋਣ ਦਾ ਦਾਅਵਾ ਕਰਦਿਆਂ ਸੈਕਟਰ -16 ਵਿੱਚ ਸ਼ਰਾਬ ਦੇ ਠੇਕੇ ’ਤੇ ਮਹਿੰਗੀ ਵਿਦੇਸ਼ੀ ਸ਼ਰਾਬ ਚੁੱਕ ਕੇ ਲਿਜਾ ਰਿਹਾ ਸੀ। ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਕੋਲੋਂ ਇੱਕ 100 ਪਾਈਪਰ ਅਤੇ ਇੱਕ ਜੈਕ ਡੇਨੀਅਲ ਦੀ ਵਿਦੇਸ਼ੀ ਸ਼ਰਾਬ ਦੀਆਂ ਦੋ ਪੇਟੀਆਂ ਫੜੀਆਂ ਗਈਆਂ। ਉਹ ਇਨ੍ਹਾਂ ਨੂੰ ਮੁਫਤ ਚੁੱਕ ਕੇ ਲਿਜਾ ਰਿਹਾ ਸੀ। ਸੈਕਟਰ -17 ਥਾਣੇ ਦੀ ਪੁਲਿਸ ਨੇ ਮੁਲਜ਼ਮ ਨੂੰ 42 ਹਜ਼ਾਰ ਦੀ ਮਹਿੰਗੀ ਸ਼ਰਾਬ ਸਮੇਤ ਰੰਗੇ ਹੱਥੀਂ ਕਾਬੂ ਕੀਤਾ। ਇਸ ਤੋਂ ਇਲਾਵਾ ਦੋਸ਼ੀ ਦੀ ਵੈਗਨਾਰ ਕਾਰ ਪੀ.ਬੀ.-71-0043 ਨੂੰ ਵੀ ਕਾਬੂ ਕੀਤਾ ਗਿਆ। ਗੁਰਨਾਮ ਸਿੰਘ ਇਸ ਕਾਰ ਵਿੱਚ ਸ਼ਹਿਰ ਦੇ ਸ਼ਰਾਬ ਠੇਕਿਆਂ ਤੋਣ ਮੁਫਤ ਸ਼ਰਾਬ ਦੀ ਰਿਕਵਰੀ ਕਰਦਾ ਸੀ। ਜਦੋਂ ਮੁਲਜ਼ਮ ਗੁਰਨਾਮ ਸਿੰਘ ਇਹ ਮਹਿੰਗੀ ਸ਼ਰਾਬ ਸੈਕਟਰ -16 ਬੀ ਤੋਂ ਸੈਕਟਰ -22 ਬੀ ਵਿਚ ਕਿਸੇ ਅਣਪਛਾਤੇ ਨੂੰ ਵੇਚਣ ਲਈ ਲੈ ਗਿਆ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਦੋਸ਼ੀ ਪੰਜਾਬ ਦੇ ਰਾਜਪਾਲ ਅਤੇ ਉਸ ਦੀ ਪਤਨੀ ਦੇ ਨਾਮ ‘ਤੇ ਉਸਨੇ ਪਹਿਲਾਂ ਸੈਕਟਰ -17 ਦੇ ਡਾ ਮਿਲਾਨੋ ਸ਼ੋਅਰੂਮ ਤੋਂ ਮਹਿੰਗੇ ਕੱਪੜੇ, ਪਰਸ, ਬੈਲਟ ਅਤੇ ਹੋਰ ਸਮਾਨ ਖਰੀਦਿਆ ਸੀ। ਇਸ ਤੋਂ ਇਲਾਵਾ, 21 ਅਤੇ 23 ਫਰਵਰੀ ਨੂੰ ਉਸਨੇ ਬਲੈਕ ਡੌਗ ਗੋਲਡ, ਗਲੇਨਫਿਡਿਚ ਅਤੇ ਗ੍ਰੇ ਗੂਜ ਵ੍ਹਿਸਕੀ ਅਤੇ ਵਾਈਨ ਦੀਆਂ ਤਿੰਨ ਪੇਟੀਆਂ ਮੁਫਤ ਵਿੱਚ ਚੁੱਕੀਆਂ ਸਨ। ਪੁਲਿਸ ਨੇ ਦੱਸਿਆ ਕਿ ਦੋਸ਼ੀ ਮੈਟ੍ਰਿਕ ਪਾਸ ਹੈ ਅਤੇ ਮੋਹਾਲੀ ਖਰੜ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।