Punjab budget session 2021: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਯਾਨੀ ਕਿ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬਜਟ ਇਜਲਾਸ ਦੀ ਸ਼ੁਰੂਆਤ ਰਾਜਪਾਲ ਦੇ ਸੰਬੋਧਨ ਨਾਲ ਹੋਵੇਗੀ । ਜਿਸ ਤੋਂ ਬਾਅਦ ਸਦਨ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਦਾ ਇਜਲਾਸ ਹੰਗਾਮੇਦਾਰ ਹੋ ਸਕਦਾ ਹੈ, ਕਿਉਂਕਿ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ।
ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ 1 ਮਾਰਚ ਤੋਂ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਵੱਲੋਂ ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੁੱਦੇ ਨੂੰ ਲੈ ਕੇ ਰਾਜ ਭਵਨ ਜਾ ਕੇ ਮੰਗ ਪੱਤਰ ਸੌਂਪਣ ਦੀ ਗੱਲ ਕੀਤੀ ਜਾ ਰਹੀ ਹੈ।
ਜਾਣੋ ਸਦਨ ਵਿੱਚ ਕਿਸ ਦਿਨ ਕੀ ਹੋਵੇਗਾ:
1 ਮਾਰਚ ਨੂੰ ਬਜਟ ਇਜਲਾਸ ਦੌਰਾਨ ਰਾਜਪਾਲ ਦਾ ਭਾਸ਼ਣ ਹੋਵੇਗਾ, ਜਿਸ ਤੋਂ ਬਾਅਦ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
2 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਅਤੇ ਬਹਿਸ ਹੋਵੇਗੀ।
3 ਮਾਰਚ ਨੂੰ ਭਾਸ਼ਣ ‘ਤੇ ਬਹਿਸ ਜਾਰੀ ਰਹੇਗੀ।
4 ਮਾਰਚ ਨੂੰ ਨਾਨ ਆਫ਼ੀਸ਼ੀਅਲ ਬਿਜ਼ਨੈੱਸ ਹੋਵੇਗਾ।
5 ਮਾਰਚ ਨੂੰ ਸਭ ਤੋਂ ਅਹਿਮ ਬਜਟ ਨੂੰ ਸਦਨ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਟਰੋਲਰ ਐਂਡ ਆਡੀਟਰ ਜਰਨਲ ਦੀ 2018-19 ਦੀ ਰਿਪੋਰਟ ਨੂੰ ਸਦਨ ਵਿੱਚ ਰੱਖਿਆ ਜਾਵੇਗਾ।
6 ਮਾਰਚ ਨੂੰ ਸ਼ਨੀਵਾਰ ਹੋਣ ਕਰ ਕੇ ਅਤੇ 7 ਮਾਰਚ ਨੂੰ ਐਤਵਾਰ ਹੋਣ ਕਾਰਨ ਇਜਲਾਸ ਨਹੀਂ ਹੋਵੇਗਾ ।
8 ਮਾਰਚ ਨੂੰ ਬਜਟ ‘ਤੇ ਬਹਿਸ ਦੇ ਨਾਲ ਵੋਟਿੰਗ ਹੋਵੇਗੀ ।
9 ਮਾਰਚ ਨੂੰ ਲੈਜੀਲੇਟਿਵ ਬਿਜ਼ਨੈੱਸ ਹੋਵੇਗਾ।
10 ਮਾਰਚ ਨੂੰ ਵੀ ਲੈਜੀਲੇਟਿਵ ਬਿਜ਼ਨੈੱਸ ਹੋਵੇਗਾ ।