Australia first Sikh school: ਸਿੱਖ ਭਾਈਚਾਰੇ ਲਈ ਆਸਟ੍ਰੇਲੀਆ ਤੋਂ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ । ਆਸਟ੍ਰੇਲੀਆ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪੱਛਮੀ ਸਿਡਨੀ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਗ੍ਰਾਮਰ ਸਕੂਲ’ ਨੂੰ ਰੌਜ਼ ਹਿੱਲ ਵਿਖੇ ਟੈਲਾਵੌਂਗ ਸੜਕ ‘ਤੇ ਬਣਾਇਆ ਜਾਵੇਗਾ। ਇਸ ਸਕੂਲ ਵਿੱਚ 1260 ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ ।
ਦਰਅਸਲ, ਆਸਟ੍ਰੇਲੀਆ ਸਰਕਾਰ ਵੱਲੋਂ ਇਹ ਸਕੂਲ ਐਨਾਵੌਂਗ ਮੈਟਰੋ ਸਟੇਸ਼ਨ ਦੇ ਨੇੜੇ ਬਣਾਇਆ ਜਾਵੇਗਾ । ਇਸ ਸਬੰਧੀ ਅਧਿਕਾਰੀ ਨੇ ਕਿਹਾ ਕਿ ਰਾਜ ਅੰਦਰ ਵੱਖ-ਵੱਖ ਧਾਰਮਿਕ ਭਾਈਚਾਰਿਆਂ ਲਈ ਸਕੂਲ ਪਹਿਲਾਂ ਹੀ ਮੌਜੂਦ ਹਨ, ਪਰ ਸਿੱਖ ਸਕੂਲ ਆਪਣੀ ਕਿਸਮ ਦਾ ਨਵੇਕਲਾ ਸਕੂਲ ਹੋਵੇਗਾ । ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਬਹੁਤ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਸਾਰੇ ਵਿਸ਼ੇ ਵੀ ਪੜ੍ਹਾਏ ਜਾਣਗੇ।
ਦੱਸ ਦੇਈਏ ਕਿ ਇਹ ਸਕੂਲ 10 ਏਕੜ ਜ਼ਮੀਨ ਵਿੱਚ ਬਣਾਇਆ ਜਾਵੇਗਾ। ਇਸ ਸਕੂਲ ਪ੍ਰਾਜੈਕਟ ਲਈ ਸਰਕਾਰ ਵੱਲੋਂ 167 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਬਜਟ ਪ੍ਰਦਾਨ ਕੀਤਾ ਗਿਆ ਹੈ। ਇਸ ਨਵੇਂ ਸਕੂਲ ਬੱਚਿਆਂ ਲਈ ਅਰਲੀ ਲਰਨਿੰਗ ਸੈਂਟਰ ਵੀ ਬਣਾਏ ਜਾਣਗੇ । ਇਸ ਵਿੱਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ ਅਤੇ ਵਿਦਿਆਰਥੀਆਂ ਦੋਹਾਂ ਲਈ ਹੀ ਉਪਲਬਧ ਹੋਣਗੀਆਂ ।
ਇਹ ਵੀ ਦੇਖੋ: ਤਿਹਾੜ ਜੇਲ੍ਹ ਤੋਂ ਪਰਤਿਆ ਬੇਹਾਲ ਗੁਰਦੀਪ, ਭਿੱਜੀਆਂ ਅੱਖਾਂ ਨਾਲ ਉਡੀਕਦੇ ਪਰਿਵਾਰ ਦਾ ਹੁਣ ਦੇਖੋ ਹਾਲ !