Suicide case after poisoning : ਫਗਵਾੜਾ : ਸਬ-ਡਵੀਜ਼ਨ ਫ਼ਿਲੌਰ ਦੇ ਥਾਣਾ ਗੁਰਾਇਆ ਵਿੱਚ ਦੋ ਦਿਨ ਪਹਿਲਾਂ ਟੈਕਸੀ ਡਰਾਈਵਰ ਕੇਹਰ ਸਿੰਘ ਵੱਲੋਂ ਆਪਣੇ ਬੱਚਿਆ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਫਿਰ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਮ੍ਰਿਤਕ ਕੇਹਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਹੀ ਫੋਨ ਤੋਂ ਇਕ ਵੀਡੀਓ ਬਣਾਈ ਸੀ, ਜਿਸ ਵਿਚ ਉਸ ਨੇ ਆਪਣੀ ਪਤਨੀ ਰਿੰਪੀ ਉਰਫ ਮੋਨਾ, ਸੱਸ ਉਸ਼ਾ ਰਾਣੀ, ਸਹੁਰਾ ਸੁਰਿੰਦਰ ਪਾਲ, ਸਾਲਾ ਲਾਲ ਚੰਦ ਉਰਫ ਲਾਲੀ, ਰਾਕੇਸ਼ ਕੁਮਾਰ ਰਿੰਕੂ, ਅਜੈ ਕੁਮਾਰ ਉਰਫ ਰਵੀ, ਭੂਆ ਗੁਰਮੀਤੋ ਉਰਫ ਗੁੱਡੀ ਵਾਸੀ ਗੰਦਵਾ ਥਾਣਾ ਫਗਵਾੜਾ, ਸੁਖਦੇਵ ਰਾਮ ਉਰਫ ਸੁੱਖਾ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਕੇਹਰ ਸਿੰਘ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਇਹ ਕਾਰਾ ਕੀਤਾ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ, ਸੱਸ, ਸਹੁਰਾ ਅਤੇ ਸੁਖਦੇਵ ਰਾਮ ਉਰਫ ਸੁੱਖਾ ਨੂੰ ਗ੍ਰਿਫਤਾਰੀ ਕਰ ਲਿਆ ਗਿਆ ਹੈ, ਜਦਕਿ ਚਾਰ ਮੁਲਜ਼ਮ ਫਰਾਰ ਹਨ ਅਤੇ ਪਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਗੋਰਾਇਆ ਦੀ ਪੁਲਿਸ ਨੇ ਮ੍ਰਿਤਕ ਕੇਹਰ ਸਿੰਘ ਦੀ ਭੈਣ ਰਾਜਕੁਮਾਰੀ ਦੇ ਬਿਆਨਾਂ ‘ਤੇ ਉਸ ਦੀ ਪਤਨੀ ਰਿੰਪੀ ਉਰਫ ਮੋਨਾ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੇਹਰ ਸਿੰਘ ਦਾ ਵਿਆਹ ਰਿੰਪੀ ਨਾਲ 13 ਸਾਲਾਂ ਤੋਂ ਹੋਇਆ ਸੀ। ਪਿਛਲੇ ਕੁਝ ਮਹੀਨਿਆਂ ਤੋਂ ਉਸਦੀ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਤਲਾਕ ਤੱਕ ਨੌਬਤ ਆ ਗਈ ਸੀ। ਲਗਭਗ ਇੱਕ ਮਹੀਨਾ ਪਹਿਲਾਂ ਮੋਨਾ ਆਪਣੇ ਪੇਕੇ ਘਰ ਚਲੀ ਗਈ ਸੀ। ਕੇਹਰ ਸਿੰਘ ਕਈ ਵਾਰੀ ਪਤਨੀ ਲੈਣ ਲਈ ਉਸਦੇ ਸਹੁਰੇ ਗਿਆ, ਪਰ ਉਹ ਵਾਪਸ ਨਹੀਂ ਪਰਤੀ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਹਿਰ ਸਿੰਘ ਨੇ ਇਹ ਖੌਫਨਾਕ ਕਦਮ ਚੁੱਕਿਆ।
ਦੱਸਣਯੋਗ ਹੈ ਕਿ ਕੇਹਰ ਸਿੰਘ ਨੇ ਆਪਣੇ ਬੱਚਿਆਂ ਨੂੰ ਸਵੇਰੇ ਲਗਭਗ 11 ਵਜੇ ਦੇ ਕਰੀਬ ਜ਼ਹਿਰੀਲੀ ਦਵਾਈ ਪਿਲਾ ਕੇ ਖੁਦ ਵੀ ਪੀ ਲਈ। ਉਸ ਦੀ ਲੜਕੀ ਨੇ ਇਸ ਬਾਰੇ ਇੱਕ ਦੁਕਾਨਦਾਰ ਨੂੰ ਦੱਸਿਆ ਤਾਂ ਤਿੰਨਾਂ ਨੂੰ ਤੁਰੰਤ ਗੁਰਾਇਆ ਦੇ ਹਸਪਤਾਲ ਲਿਜਾਇਆ ਗਿਆ। ਉਥੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿਥੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਪਰ ਤਿੰਨਾਂ ਨੂੰ ਬਚਾਇਆ ਨਹੀਂ ਜਾ ਸਕਿਆ।