Punjab Budget Session 2021: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਆਖਰੀ ਬਜਟ ਪੇਸ਼ ਕੀਤਾ ਗਿਆ । ਇਹ ਬਜਟ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਆਖਰੀ ਬਜਟ ਹੈ । ਅਗਲੇ ਸਾਲ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਨ। ਜਿਸਦੇ ਮੱਦੇਨਜ਼ਰ ਇਸ ਬਜਟ ਦੇ ਵਿੱਚ ਕਾਂਗਰਸ ਸਰਕਾਰ ਵਲੋਂ ਕਈ ਐਲਾਨ ਕੀਤੇ ਗਏ ਹਨ। ਜੋ ਕਿ ਹੇਠ ਲਿਖੇ ਹਨ:
1. ਮਹਿਲਾ ਦਿਵਸ ਮੌਕੇ ਮਹਿਲਾਵਾਂ ਲਈ ਵੱਡੇ ਐਲਾਨ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅੱਜ ਬਜਟ ਸੈਸ਼ਨ ਵਿੱਚ ਪੰਜਾਬ ਦੀਆਂ ਮਹਿਲਾਵਾਂ ਲਈ ਵੱਡੇ ਐਲਾਨ ਕੀਤੇ ਗਏ ਹਨ । ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਵਿੱਚ ਸਫ਼ਰ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਵੀ ਬੱਸ ਦਾ ਸਫ਼ਰ ਮੁਫ਼ਤ ਹੋਵੇਗਾ।
2. ਸ਼ਗਨ ਸਕੀਮ ਵਿੱਚ ਵਾਧਾ
ਵਿੱਤ ਮੰਤਰੀ ਵੱਲੋਂ ਇਸ ਬਜਟ ਸੈਸ਼ਨ ਵਿੱਚ ਕੁੜੀਆਂ ਦੇ ਵਿਆਹ ਲਈ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਹ ਰਕਮ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਦਾ ਐਲਾਨ ਕੀਤਾ ਗਿਆ ਹੈ ।
3. ਕਿਸਾਨਾਂ ਲਈ ਤੌਹਫ਼ਾ
ਵਿੱਤ ਮੰਤਰੀ ਵੱਲੋਂ ਬਜਟ ਵਿੱਚ ਕਿਸਾਨ ਦੇ ਕਰਜ਼ਿਆਂ ਨੂੰ ਮੁਆਫ ਕਰਨ ਲਈ 1,186 ਕਰੋੜ ਰੁਪਏ ਮਿੱਥੇ ਗਏ ਹਨ। ਪੰਜਾਬ ਸਰਕਾਰ ਵੱਲੋਂ 1.13 ਲੱਖ ਕਿਸਾਨਾਂ ਦੇ 1186 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ।
4. ਬੁਢਾਪਾ ਪੈਨਸ਼ਨ ’ਚ ਵਾਧਾ
ਬਜਟ ਸੈਸ਼ਨ ਦੌਰਾਨ ਮਨਪ੍ਰੀਤ ਬਾਦਲ ਨੇ ਬੁਢਾਪਾ ਪੈਨਸ਼ਨ ਨੂੰ 750 ਤੋਂ ਵਧਾ ਕੇ 1500 ਕਰਨ ਦਾ ਐਲਾਨ ਕੀਤਾ ਹੈ।
5 ਮੁਫ਼ਤ ਬਿਜਲੀ ਦੀ ਸਹੂਲਤ
ਵਿੱਤ ਮੰਤਰੀ ਬਜਟ ਵਿੱਚ ਰਾਜ ਵਿੱਚ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ ਮੁਫ਼ਤ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਬਜਟ ਵਿੱਚ 7180 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ।
6. ਖੁਰਾਲਗੜ੍ਹ ਸਾਹਿਬ ਲਈ ਵੀ ਵੱਡਾ ਐਲਾਨ
ਵਿੱਤ ਮੰਤਰੀ ਵੱਲੋਂ ਬਜਟ ਸੈਸ਼ਨ ਦੌਰਾਨ ਖੁਰਾਲਗੜ੍ਹ ਸਾਹਿਬ ਲਈ ਵੀ ਵੱਡਾ ਐਲਾਨ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਖੁਰਾਲਗੜ੍ਹ ਸਾਹਿਬ ਮੈਮੋਰੀਅਲ ਲਈ 103 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ ।
7. ਆਜ਼ਾਦੀ ਘੁਲਾਟੀਆ ਦੀ ਪੈਨਸ਼ਨ
ਮਨਪ੍ਰੀਤ ਬਾਦਲ ਨੇ ਬਜਟ ਸੈਸ਼ਨ ਵਿੱਚ ਆਜ਼ਾਦੀ ਘੁਲਾਟੀਆ ਦੀ ਪੈਨਸ਼ਨ ਵਿੱਚ ਵੀ ਵਾਧਾ ਕਰਨ ਦਾ ਐੈਲਾਨ ਕੀਤਾ ਹੈ । ਉਨ੍ਹਾਂ ਨੇ ਆਜ਼ਾਦੀ ਘੁਲਾਟੀਆ ਪੈਨਸ਼ਨ 7500 ਤੋਂ ਵਧਾ ਕੇ 9400 ਰੁਪਏ ਕਰਨ ਦਾ ਐਲਾਨ ਕੀਤਾ ਗਿਆ ਹੈ ।
8. ਵਰਕਿੰਗ ਵੁਮੈੱਨ ਹੋਸਟਲ ਬਣਾਏ ਜਾਣ ਦਾ ਐਲਾਨ
ਵਿੱਤ ਮੰਤਰੀ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਵਰਕਿੰਗ ਵੁਮੈੱਨ ਹੋਸਟਲ ਬਣਾਏ ਜਾਣ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਮਨਪ੍ਰੀਤ ਬਾਦਲ ਵੱਲੋਂ ਜਿਨ੍ਹਾਂ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹੋਸਟਲ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜਲੰਧਰ, ਪਟਿਆਲਾ, ਲੁਧਿਆਣਾ, ਮੋਹਾਲੀ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ ਸ਼ਾਮਿਲ ਹਨ।
9. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਸਬੰਧੀ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਦੇ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 400 ਬੂਟੇ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ।
10. ਸਿੱਖਿਆ ਖੇਤਰ ਲਈ ਐਲਾਨ
ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਸਿੱਖਿਆ ਖੇਤਰ ਲਈ ਵੀ ਐਲਾਨ 11 ਹਜ਼ਾਰ 161 ਕਰੋੜ ਰੁਪਏ ਦਾ ਕੀਤਾ ਗਿਆ ਹੈ।
11.ਸਮਾਰਟ ਫੋਨ ਦੇਣ ਲਈ ਬਜਟ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਮਾਰਟ ਫੋਨ ਦੇਣ ਲਈ ਕਰੋੜਾਂ ਰੁਪਏ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਸਰਕਾਰ ਦੇ ਆਖਰੀ ਬਜਟ ਵਿੱਚ ਵਿੱਤ ਮੰਤਰੀ ਵੱਲੋਂ ਸਮਾਰਟ ਫੋਨ ਲਈ 100 ਕਰੋੜ ਦਾ ਬਜਟ ਰੱਖਿਆ ਗਿਆ ਹੈ।
ਇਹ ਵੀ ਦੇਖੋ:Manpreet Badal ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ