Rahul gandhi vs jyotiraditya scindia : ਬੀਤੇ ਦਿਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੋਤੀਰਾਦਿੱਤਿਆ ਸਿੰਧੀਆ ‘ਤੇ ਨਿਸ਼ਾਨਾ ਸਾਧਦਿਆਂ ਸਿੰਧੀਆ ਨੂੰ ਬੈਕਬੈਂਚਰ ਦੱਸਿਆ ਅਤੇ ਕਿਹਾ ਸੀ ਕਿ ਉਹ ਕਦੇ ਵੀ ਮੁੱਖ ਮੰਤਰੀ ਨਹੀਂ ਬਣ ਸਕਣਗੇ। ਇਸ ਦੇ ਉਲਟ ਭਾਜਪਾ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਰਾਹੁਲ ਗਾਂਧੀ ਅੱਜ ਉਨ੍ਹਾਂ ਨੂੰ ਜਿੰਨੀ ਚਿੰਤਾ ਕਰ ਰਹੇ ਹਨ ਜੇ ਇਹ ਪਹਿਲਾ ਕੀਤੀ ਹੁੰਦੀ ਤਾਂ ਸਥਿਤੀ ਹੁਣ ਨਾਲੋਂ ਵੱਖਰੀ ਹੋਣੀ ਸੀ। ਦੱਸ ਦਈਏ ਕਿ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਰਤੀ ਯੂਥ ਕਾਂਗਰਸ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਇਹ ਗੱਲ ਕਹੀ ਸੀ। ਕਾਂਗਰਸੀ ਨੇਤਾ ਨੇ ਵਿਅੰਗ ਕੱਸਦਿਆਂ ਕਿਹਾ ਸੀ ਕਿ ਸਿੰਧੀਆ ਬੀਜੇਪੀ ਵਿੱਚ ਬੈਕਬੈਂਚਰ ਹਨ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ‘ਲਿਖ ਕੇ ਲੈ ਲਾਓ, ਉਹ (ਸਿੰਧੀਆ) ਕਦੇ ਵੀ ਭਾਜਪਾ ਵਿੱਚ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਨੂੰ ਇੱਥੇ ਵਾਪਿਸ ਆਉਣਾ ਪਏਗਾ।’
ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਪਲਟਵਾਰ ਕਰਦਿਆਂ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਮੇਰੇ ਕਾਂਗਰਸ ਵਿੱਚ ਰਹਿੰਦੇ ਹੋਏ ਇੰਨੀ ਚਿੰਤਾ ਕਰਦੇ ਜਿੰਨੀ ਉਹ ਅੱਜ ਕਰ ਰਹੇ ਹਨ, ਤਾਂ ਅੱਜ ਸਥਿਤੀ ਵੱਖਰੀ ਹੁੰਦੀ। ਤੁਹਾਨੂੰ ਦੱਸ ਦੇਈਏ ਕਿ ਸਿੰਧੀਆ ਪਿੱਛਲੇ ਸਾਲ ਮਾਰਚ ਵਿੱਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨਾਲ ਟਕਰਾਅ ਤੋਂ ਬਾਅਦ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਿੰਧੀਆ ਧੜੇ ਦੇ 20 ਤੋਂ ਵੱਧ ਵਿਧਾਇਕਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਡਿੱਗ ਗਈ ਸੀ।