sikhi saroop: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਦਿੱਤੀ। ਇਹ ਪਹਿਚਾਣ ਸੀ, ‘ਸਾਬਤ ਸੂਰਤ ਦਸਤਾਰ ਸਿਰਾ’। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਿੱਖਾਂ ਨੂੰ ਇਹ ਵਿਲੱਖਣ ਪਹਿਚਾਣ ਦੇਣ ਦੇ ਪਿੱਛੇ ਕਈ ਸਾਰੇ ਕਾਰਨ ਸਨ।ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਮੁਗਲ ਸਰਕਾਰ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕਰ ਦਿੱਤਾ ਤਾਂ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ। ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਕਿ ਭਾਈ ਜੈਤਾ ਜੀ, ਜਦੋਂ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿਚ ਸ਼ਹੀਦ ਕੀਤਾ ਸੀ ਤਾਂ ਉਦੋਂ ਦਿੱਲੀ ਦੇ ਸਿੱਖ ਬਹੁਤ ਰੋਹ ਵਿਚ ਆਏ ਹੋਣਗੇ ਕਿੳਂਕਿ ਦਿੱਲੀ ਵਿਚ ਸਿੱਖਾਂ ਦੀ ਕਾਫੀ ਗਿਣਤੀ ਸੀ? ਤਾਂ ਭਾਈ ਜੈਤਾ ਜੀ ਨੇ ਦੱਸਿਆ ਕਿ ਗੁਰੂ ਜੀ, ਦਿੱਲੀ ਦੇ ਸਿੱਖ ਤਾਂ ਮੁਗਲ ਸਰਕਾਰ ਦੇ ਜ਼ੁਲਮਾਂ ਤੋਂ ਡਰਦੇ ਮਾਰੇ ਸਿੱਖ ਹੋਣ ਤੋਂ ਹੀ ਮੁਨੱਕਰ ਹੋ ਗਏ । ਜਦੋਂ ਗੁਰੂ ਤੇਗ ਬਹਾਦੁਰ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਮੁਗਲ ਸਿਪਾਹੀ ਕਈ ਸਿੱਖਾਂ ਦੇ ਘਰਾਂ ਵਿਚ ਗਏ ਕਿ ਉਹ ਆਪਣੇ ਗੁਰੂ ਦਾ ਸਰੀਰ (ਧੜ੍ਹ) ਲੈ ਜਾਣ। ਪਰ ਸਿੱਖ ਡਰਦੇ ਮਾਰੇ ਮੁੱਕਰ ਹੀ ਗਏ ਕਿ ਉਹ ਸਿੱਖ ਹਨ । ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਕਿ ਮੈਂ ਆਪਣੇ ਸਿੱਖਾਂ ਨੂੰ ਐਸੀ ਪਹਿਚਾਣ ਦੇਵਾਂਗਾ ਕਿ ਉਹ ਚਾਹ ਕੇ ਵੀ ਆਪਣੀ ਪਹਿਚਾਣ ਛੁਪਾ ਨਹੀਂ ਸਕਣਗੇ ।
ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਲੰਮਾ ਸਮਾਂ ਇਸ ‘ਤੇ ਵਿਚਾਰ ਕੀਤੀ ਕਿ ਸਿੱਖਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੋਵੇ? ਫਿਰ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ੳੇੁਨ੍ਹਾਂ ਨੇ ਸਿੱਖਾਂ ਨੂੰ ‘ਸਾਬਤ ਸੂਰਤ ਦਸਤਾਰ ਸਿਰਾ’ ਵਾਲੀ ਵਿਲੱਖਣ ਪਹਿਚਾਣ ਦਿਤੀ । ਅਜਿਹੀ ਪਹਿਚਾਨ ਦੇ ਪਿੱਛੇ ਕਈ ਕੁਦਰਤੀ ਤੇ ਇਤਿਹਾਸਕ ਕਾਰਨ ਸਨ ।ਕੁਦਰਤ ਨੇ ਬਹੁਤ ਸਾਰੇ ਅਣਗਿਣਤ ਕਿਸਮ ਦੇ ਜੀਵ-ਜੰਤੂ ਅਤੇ ਜਾਨਵਰ ਬਣਾਏ ਹਨ । ਭਾਵੇਂ ਇਨ੍ਹਾਂ ਅਲੱਗ-ਅਲੱਗ ਕਿਸਮ ਦੇ ਜੀਵ ਜੰਤੂਆਂ ਵਿਚ ਕਈ ਤਰ੍ਹਾਂ ਦੇ ਗੁਣ ਮਿਲਦੇ-ਜੁਲਦੇ ਹਨ । ਪਰ ਉਨ੍ਹਾਂ ਵਿਚ ਘੱਟੋ-ਘੱਟ ਇਕ ਗੁਣ ਵਿਲੱਖਣ ਹੁੰਦਾ ਹੈ ਜੋ ਹੋਰ ਕਿਸੇ ਵੀ ਜੀਵ ਜਾਂ ਜਾਨਵਰ ਵਿਚ ਨਹੀਂ ਹੁੰਦਾ । ਇਸੇ ਤਰ੍ਹਾਂ ਕੁਦਰਤ ਨੇ ਇਕ ਕਿਸਮ ਦੇ ਜੀਵ ਜਾਂ ਜਾਨਵਰ ਦੇ ਨਰ ਅਤੇ ਮਾਦਾ ਦੋਹਾਂ ਵਿਚ ਵੀ ਕੁਝ ਨਾ ਕੁਝ ਫਰਕ ਜ਼ਰੂਰ ਰੱਖਿਆ ਹੈ ।
ਜੇਕਰ ਅਸੀਂ ਵੇਖੀਏ ਤਾਂ ਕੁਦਰਤ ਨੇ ਮਨੁੱਖ ਦਾ ਦੂਜੇ ਜਾਨਵਰਾਂ ਤੋਂ ਇਹ ਫਰਕ ਰੱਖਿਆ ਹੈ ਕਿ ਇਸ ਦੇ ਸਿਰ ਦੇ ਉੱਤੇ ਲੰਮੇ-ਲੰਮੇ ਵਾਲ ਹਨ ਜੋ ਹੋਰ ਕਿਸੇ ਜਾਨਵਰ ਦੇ ਸਿਰ ਉੱਤੇ ਇੰਨੇ ਲੰਮੇ ਵਾਲ ਨਹੀਂ ਹੁੰਦੇ। ਇਸੇ ਤਰਾਂ ਆਦਮੀ ਤੇ ਔਰਤ ਵਿਚ ਕੁਦਰਤ ਨੇ ਇਹ ਫਰਕ ਰੱਖਿਆ ਹੈ ਕਿ ਔਰਤ ਦੇ ਚਿਹਰੇ ੳੁੱਤੇ ਵਾਲ ਨਹੀਂ ਹਨ ਪਰ ਆਦਮੀ ਦੇ ਚਿਹਰੇ ਉੱਤੇ ਵਾਲ ਹੁੰਦੇ ਹਨ ਜਿਸ ਨੂੰ ਅਸੀਂ ਦਾੜ੍ਹੀ-ਮੁੱਛਾਂ ਕਹਿ ਦਿੰਦੇ ਹਾਂ । ਸੋ ਕੁਦਰਤ ਨੇ ਹੀ ਮਨੂੱਖ ਨੂੰ ਇਕ ਵਿਲੱਖਣ ਸੂਰਤ ਦਿੱਤੀ ਹੈ। ਕੇਸ ਕੁਦਰਤ ਵੱਲੋਂ ਮਨੂੱਖ ਨੂੰ ਦਿੱਤੀ ਅਲੱਗ ਪਹਿਚਾਣ ਹੈ ।