Farmers to hold massive : ਚੰਡੀਗੜ੍ਹ : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਹੁਣ ਕਿਸਾਨ ਜੱਥੇਬੰਦੀਆਂ ਇੱਕ ਵਾਰ ਫਿਰ ਕੇਂਦਰ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ 5 ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਹ ਭਾਜਪਾ ਨੂੰ ਵੋਟ ਨਾ ਦੇਣ। ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਉਹ ਭਾਜਪਾ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਇਸ ਸੰਬੰਧੀ ਸਾਰੇ ਸੂਬਿਆਂ ਵਿੱਚ 12 ਰੈਲੀਆਂ ਕਰਨਗੇ, ਜੋਕਿ ਕੱਲ੍ਹ ਤੋਂ ਕਲਕੱਤੇ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਵਿੱਚ ਹਰਮੀਤ ਕਾਦੀਆ, ਬਲਬੀਰ ਰਾਜੇਵਾਲ ਤੇ ਗੁਰਨਾਮ ਚਢੂਨੀ ਸ਼ਾਮਲ ਹੋਣਗੇ।
ਰਾਜੇਵਾਲ ਨੇ ਅੱਗੇ ਕਿਹਾ ਕਿ 15 ਤਰੀਕ ਨੂੰ ਪ੍ਰਾਈਵੇਟ ਸੈਕਟਰ ਖਿਲਾਫ ਤੇ 19 ਤਰੀਕ ਨੂੰ ਐਫਸੀਆਈ ਦੇ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੇ 26 ਤਰੀਕ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। 9 ਮੈਂਬਰੀ ਕਮੇਟੀ ਨੂੰ ਲੈ ਕੇ ਰਾਜੇਵਾਲ ਨੇ ਦੱਸਿਆ ਕਿ ਉਹ ਪਹਿਲਾਂ ਵੀ ਉਹ ਇਸ ਕਮੇਟੀ ਦੇ ਮੈਂਬਰ ਸਨ ਪਰ ਪਹਿਲਾਂ ਉਹ ਆਮ ਕਿਸਾਨ ਆਗੂ ਵਾਂਗ ਸਨ ਪਰ ਹੁਣ ਉਨ੍ਹਾਂ ਨੂੰ ਸੰਪੂਰਨ ਮੈਂਬਰ ਵਜੋਂ ਸ਼ਾਮਲ ਕਰ ਲਿਆ ਗਿਆ ਹੈ। ਪੀਐਸਪੀਸੀਐਲ ਵੱਲੋਂ ਜੀਓ ਸਿਮ ਨੂੰ ਲੈ ਕੇ ਜਾਰੀ ਸਰਕੂਲਰ ’ਤੇ ਉਨ੍ਹਾਂ ਕਿਹਾ ਕਿ ਕਿਸਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਹਿਲਾਂ ਹੀ ਖੁਸ਼ ਨਹੀਂ ਸਨ। ਉਨ੍ਹਾਂ ਨੇ ਕਾਨੂੰਨ ਵਿੱਚ ਸੋਧ ਕਰਕੇ ਰੱਦ ਨਹੀਂ ਕੀਤਾ ਤੇ ਇਹ ਵੀ ਅਜਿਹਾ ਹੀ ਇੱਕ ਕਦਮ ਹੈ।
ਦੱਸਣਯੋਗ ਹੈ ਕਿ ਫਿਲਹਾਲ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਸ ਮਸਲੇ ਦਾ ਕੋਈ ਹੱਲ ਨਹੀਂ ਮਿਲਿਆ ਹੈ। ਇੱਕ ਪਾਸੇ, ਜਿੱਥੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹਨ, ਉਥੇ ਹੀ ਸਰਕਾਰ ਵੀ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ। ਇਸ ਤੋਂ ਪਹਿਲਾ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਸੀ ਕਿ ਪਿੱਛਲੇ ਕੁੱਝ ਦਿਨਾਂ ਤੋਂ ਕੇਂਦਰ ਸਰਕਾਰ ਦੀ ‘ਚੁੱਪ’ ਸੰਕੇਤ ਦੇ ਰਹੀ ਹੈ ਕਿ ਸਰਕਾਰ ਕਿਸਾਨੀ ਅੰਦੋਲਨ ਦੇ ਵਿਰੁੱਧ ਕੁੱਝ ਰੂਪ ਰੇਖਾ ਤਿਆਰ ਕਰ ਰਹੀ ਹੈ। ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਗੱਲਬਾਤ ਦਾ ਦੌਰ ਰੋਕਣ ਸਬੰਧੀ ਉਨ੍ਹਾਂ ਕਿਹਾ ਸੀ ਕਿ ਸਰਕਾਰ ਨੂੰ ਦੁਬਾਰਾ ਗੱਲਬਾਤ ਕਰਨ ਦਾ ਪ੍ਰਸਤਾਵ ਲਿਆਉਣਾ ਹੋਵੇਗਾ।