Major action of Ludhiana Police : ਲੁਧਿਆਣਾ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰਖਣ ਲਈ ਪੁਲਿਸ ਵੱਲੋਂ ਸਖਤ ਕਦਮ ਚੁੱਕਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਸ਼ਹਿਰ ਵਿੱਚ ਬਦਮਾਸ਼ਾਂ ਦੀ ਹੁਲੜਬਾ਼ਜ਼ੀ ਨੂੰ ਰੋਕਣ ਲਈ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸਖਤ ਕਦਮ ਚੁੱਕੇ ਹਨ, ਜਿਸ ਅਧੀਨ ਹੋਟਲ, ਰੈਸਟੋਰੈਂਟ/ਢਾਬਿਆਂ ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਦੇਰ ਰਾਤ ਤੱਕ ਖੋਲ੍ਹਣ ’ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੁਣ ਲੁਧਿਆਣਾ ਵਿੱਚ ਰਾਤ ਵੇਲੇ ਹੋਟਲ, ਰੈਸਟੋਰੈਂਟ ਤੇ ਝਾਬੇ ਰਾਤ 11.30 ਵਜੇ ਤੱਕ ਤੇ ਸ਼ਰਾਬ ਦੀਆਂ ਦੁਕਾਨਾਂ 11 ਵਜੇ ਤੱਕ ਹੀ ਖੋਲ੍ਹੀਆਂ ਜਾ ਸਕਣਗੀਆਂ।
ਇਹ ਹੁਕਮ ਪੁਲਿਸ ਕਮਿਸ਼ਨਰੇਟ ਰਕੇਸ਼ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਾਕੇ ਅੰਦਰ ਲਾਈਵ ਸ਼ੋਅ ਦੌਰਾਨ ਉੱਚੀ ਆਵਾਜ਼ ਵਿੱਚ ਸਾਊਂਡ ਸਿਸਟਮ ਲਗਾ ਕੇ ਗਾਇਕਾਂ ਵੱਲੋਂ ਗਾਏ ਗਏ ਗਾਣਿਆਂ ਰਾਹੀਂ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆਂ ਨੂੰ ਸਾਊਂਡ ਸਿਸਟਮ ਰਾਹੀਂ ਉੱਚੀ ਆਵਾਜ਼ ਵਿੱਚ ਚਲਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਬੀਅਰ ਬਾਰ ਮਾਲਕ ਨੂੰ ਉਥੇ ਆਉਣ ਵਾਲੇ ਹਰ ਇੱਕ ਵਿਅਕਤੀ ਦੀ ਪਛਾਣ ਪੱਤਰ ਦੀ ਫੋਟੋ ਕਾਪੀ ਆਪਣੇ ਰਿਕਾਰਡ ਵਿੱਚ ਰੱਖਣੀ ਹੋਵੇਗੀ। ਅਤੇ ਬੀਅਰ ਬਾਰ ਅੰਦਰ ਕਿਸੇ ਤਰ੍ਹਾਂ ਦੀ ਹੁੱਕਾ ਪਿਲਾਉਣ ਤੇ ਸਪਲਾਈ ਨਾ ਕੀਤੇ ਜਾਣ ਨੂੰ ਯਕੀਨੀ ਬਣਾਉਣਾ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ ’ਤੇ ਬੀਅਰ ਬਾਰ ਦੇ ਮਾਲਕ/ਮੈਨੇਜਰ/ਕੇਅਰ ਟੇਕਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਕ ਹੋਰ ਹੁਕਮ ਜਾਰੀ ਕਰਦੇ ਹੋਏ ਲੁਧਇਆਣਾ ਦੇ ਏਰੀਆ ਅੰਦਰ ਪੈਂਦੇ ਪੈਟਰੋਲ ਪੰਪ, ਐਲਪੀਜੀ ਗੈਸ ਏਜੰਸੀਆਂ, ਮੈਰਿਜ ਪੈਲੇਸ, ਮਾਲਜ਼ ਅਤੇ ਮਨੀ ਐਕਸਚੇਂਜ ਦਫਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਲਈ ਕਿਹਾ ਗਿਆ ਹੈ। 30 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਸਮਾਗਮ ਦੌਰਾਨ ਸੜਕ ’ਤੇ ਪਟਾਕੇ ਚਲਾਉਣ, ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਜਿਸ ’ਤੇ ਸੜਕ ’ਤੇ ਆਵਾਜਾਈ ਵਿਚ ਵਿਘਨ ਪੈਦਾ ਹੋਵੇ, ਅਜਿਹੀ ਸਰਗਰਮੀ ’ਤੇ ਵੀ ਪਾਬੰਦੀ ਹੋਵੇਗੀ। ਇਹ ਹੁਕਮ ਅਗਲੇ ਦੋ ਮਹੀਨਿਆਂ ਤੱਕ ਲਾਗੂ ਰਹਿਣਗੇ। ਲੁਧਿਆਣਾ ਵਿੱਚ ਸਾਰੇ ਏਟੀਐਮਜ਼ ’ਤੇ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਸੁਰੱਖਿਆ ਕਰਮਚਾਰੀ ਤਾਇਨਾਤ ਹੋਣਾ ਯਕੀਨੀ ਬਣਾਇਆ ਜਾਵੇਗਾ। ਇਕ ਹੋਰ ਹੁਕਮ ਮੁਤਾਬਕ ਰੋਸ ਧਰਨੇ, ਰੈਲੀਆਂ ਦੇ ਪ੍ਰੋਗਰਾਮ ਦੌਰਾਨ ਡਰੋਨ ਕੈਮਰੇ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ।