Man commit suicide in Sangrur : ਸੰਗਰੂਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਮੌਤ ਹੋ ਗਈ, ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ ਤ੍ਰਿਲੋਚਨ ਬੰਸਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤ੍ਰਿਲੋਚਨ ਦੀ ਪਤਨੀ ਅਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਤੰਗ ਕੀਤਾ ਜਾ ਰਿਹਾ ਸੀ, ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਪਿੱਛੇ ਉਹ ਲੋਕ ਜ਼ਿੰਮੇਵਾਰ ਹਨ। ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਵਕੀਲ ਸਣੇ ਛੇ ਲੋਕਾਂ ‘ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤ੍ਰਿਲੋਚਨ ਦਾ ਵਿਆਹ ਇਸੇ ਸਾਲ 19 ਜਨਵਰੀ ਨੂੰ ਪੂਰੇ ਰਸਮਾਂ-ਰਿਵਾਜਾਂ ਨਾਲ ਕੀਤਾ ਗਿਆ ਸੀ। ਉਨ੍ਹਾਂ ਨੇ ਵਿਆਹ ਵਿੱਚ ਤ੍ਰਿਲੋਚਨ ਦੀ ਪਤਨੀ ਨੂੰ ਗਹਿਣੇ-ਜੇਵਰਾਤ ਆਦਿ ਦਿੱਤੇ ਸਨ। ਪਰ ਵਿਆਹ ਤੋੰ ਬਾਅਦ ਉਸ ਦੀ ਪਤਨੀ ਤ੍ਰਿਲੋਚਨ ਕੋਲੋਂ ਸੋਨਾ ਲੈ ਕੇ ਆਪਣੇ ਪੇਕੇ ਘਰ ਲਿਜਾਣ ਲੱਗੀ ਜਿਸ ਤੋਂ ਬਾਅਦ ਇੱਕ ਦਿਨ ਉਸ ਨੇ ਕਿਹਾ ਕਿ ਉਹ ਤ੍ਰਲੋਚਨ ਤੋਂ ਵੱਖ ਹੋਣਾ ਚਾਹੁੰਦੀ ਹੈ। ਇਸ ਸੰਬੰਧੀ ਉਸ ਨੇ ਵਕੀਲ ਨੂੰ ਵੀ ਬੁਲਾ ਲਿਆ ਜਿਥੇ ਉਸ ਦੀ ਪਤਨੀ ਦਾ ਭਰਾ, ਮਾਂ ਤੇ ਬਾਕੀ ਰਿਸ਼ਤੇਦਾਰ ਵੀ ਮੌਜੂਦ ਸਨ। ਉਥੇ ਤ੍ਰਲੋਚਨ ਨੂੰ ਧਮਕਾਇਆ ਗਿਆ ਕਿ ਉਹ 10-15 ਲੱਖ ਵਿੱਚ ਸਮਝੌਤਾ ਕਰਕੇ ਰਿਸ਼ਤੇ ਨੂੰ ਖਤਮ ਕਰੇ।
ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ ਉਨ੍ਹਾਂ ਨੂੰ ਸੰਗਰੂਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਪੱਤਰ ਉਥੇ ਦਾਖਲ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਉਸ ਤੋਂ ਬਾਅਦ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ 9 ਵਜੇ ਦੇ ਕਰੀਬ ਉਸ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਲੜਕੇ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਜ਼ਾ ਦੇਣ ਦੀ ਮੰਗ ਕੀਤੀ।