New guidelines issued to protect : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਦੀ ਸਥਿਤੀ ’ਤੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਇਸ ਦੇ ਪ੍ਰਭਾਵ ਤੋਂ ਬਚਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਮੁਤਾਬਕ ਦਸਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਪਹਿਲਾਂ ਵਾਂਗ ਹੀ ਲੱਗਦੀਆਂ ਰਹਿਣਗੀਆਂ ਜਦਕਿ ਬਾਕੀ ਸਾਰੀਆਂ ਕਲਾਸਾਂ ਲਈ (ਪ੍ਰੀ-ਪ੍ਰਾਇਮਰੀ, ਪਹਿਲੀ ਤੋਂ ਨੌਵੀਂ ਤੇ ਗਿਆਰ੍ਹਵੀਂ) ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੈਪਰੇਟਰੀ ਲੀਵ (ਛੁੱਟੀਆਂ) ਐਲਾਨੀਆਂ ਗਈਆਂ ਹਨ, ਪਰ ਇਨ੍ਹਾਂ ਕਲਾਸਾਂ ਦੇ ਵਿਦਿਆਰਥੀ ਲੋੜ ਮੁਤਾਬਕ ਅਧਿਆਪਕਾਂ ਕੋਲੋਂ ਦਿਸ਼ਾ-ਨਿਰਦੇਸ਼ ਲੈਣ ਸਕੂਲ ਹਾਜ਼ਰ ਹੋ ਸਕਦੇ ਹਨ। ਅਧਿਆਪਕ ਪਹਿਲਾਂ ਵਾਂਗ ਹੀ ਸਕੂਲ ਹਾਜ਼ਰ ਹੋਣਗੇ।
ਵਿਭਾਗ ਵੱਲੋਂ ਸਾਰੀਆਂ ਕਲਾਸਾਂ ਦੇ ਇਮਤਿਹਾਨ ਕੋਵਿਡ-19 ਸੰਬੰਧੀ ਵੱਖ-ਵੱਖ ਸਮੇਂ ’ਤੇ ਜਾਰੀ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰਖਦੇ ਹੋਏ ਆਫਲਾਈਨ ਲਏ ਜਾਣਗੇ ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ਇਮਤਿਹਾਨਾਂ ਦੌਰਾਨ ਸਕੂਲ ਵਿੱਚ ਭੀੜ ਆਦਿ ਨਾ ਹੋਵੇ। 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਇਲਾਵਾ ਬਾਕੀ ਕਲਾਸਾਂ ਲਈ ਹੋਸਟਲ ਬਿਲਕੁਲ ਬੰਦ ਰਹਿਣਗੇ। 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰਹਿਣ ਲਈ ਕੋਵਿਡ-19 ਸੰਬੰਧੀ ਸਮੇਂ-ਸਮੇਂ ‘ਤੇ ਜਾਰੀ ਹਿਦਾਇਤਾਂ ਦੀ ਮੁਕੰਮਲ ਪਾਲਣਾ ਯਕੀਨੀ ਬਣਾਈ ਜਾਵੇਗੀ।
ਜਿਹੜੇ ਸਕੂਲਾਂ ਵਿੱਚ ਅਧਿਆਪਕ ਜਾਂ ਵਿਦਿਆਰਥੀ ਕੋਰੋਨਾ ਪੀੜਤ ਪਾਏ ਜਾਂਗੇ ਹਨ ਉਨ੍ਹਾਂ ਵਿੱਚ ਸਿਹਤ ਵਿਭਾਗ ਵੱਲੋਂ ਕੋਵਿਡ-19 ਸੰਬੰਧੀ ਸਮੇਂ-ਸਮੇਂ ‘ਤੇ ਜਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲਾਂ ਨੂੰ ਸਮੇਂ-ਸਮੇਂ ‘ਤੇ ਵਿਭਾਗ ਵੱਲੋਂ ਜਾਰੀ ਪੱਤਰਾਂ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਸਰਕਾਰ/ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਹਦਾਇਤਾਂ ਦਾ ਵੀ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ। ਜਿਕਰਯੋਗ ਹੈ ਕਿ ਪੰਜਵੀ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ 16 ਮਾਰਚ ਤੋਂ, 8ਵੀਂ ਅਤੇ 12ਵੀਂ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ ਅਤੇ ਦਸਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 9 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਹਨ। ਨਾਨ ਬੋਰਡ ਜਮਾਤਾਂ ਵਿੱਚ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੇ ਪੇਪਰ 15 ਮਾਰਚ ਤੋਂ, ਅਤੇ ਪਹਿਲੀ ਤੋਂ ਚੌਥੀ ਜਮਾਤਾਂ ਦੀ ਪ੍ਰੀਖਿਆ 17 ਮਾਰਚ ਤੋਂ ਸ਼ਰੂ ਹੋਣ ਜਾ ਰਹੀਆਂ ਹਨ।