Former MLA of Sri Muktsar : ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿੱਚ ਕੋਰੋਨਾਵਾਇਰਸ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਤੇ ਐਸਜੀਪੀਸੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ) ਦੀ ਸ਼ਨੀਵਾਰ ਨੂੰ ਇਸ ਮਹਾਮਾਰੀ ਕਾਰਨ ਮੌਤ ਹੋ ਗਈ। ਉਹ 79 ਸਾਲਾਂ ਦੇ ਸਨ। ਉਨ੍ਹਾਂ ਦਾ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਸੀ, ਤੇ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੇ ਕਰੀਬੀ ਕੁਲਬੀਰ ਸਿੰਘ ਮੱਤਾ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕਰਦੇ ਦੱਸਿਆ ਕਿ ਸੁਖਦਰਸ਼ਨ ਸਿੰਘ ਮਰਾੜ੍ਹ ਦਾ ਅੰਤਿਮ ਸੰਸਕਾਰ ਕੱਲ੍ਹ 11 ਵਜੇ ਪਿੰਡ ਮਰਾੜ੍ਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।
ਦੱਸਣਯੋਗ ਹੈ ਕਿ ਮਰਾੜ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਸਨ। ਇਸ ਦੇ ਲਈ ਉਨ੍ਹਾਂ ਨੇ ਸ਼ਹਿਰ ਵਿੱਚ ਇੱਕ ਦਫਤਰ ਵੀ ਖੋਲ੍ਹਿਆ ਸੀ। 2002 ਵਿੱਚ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ। ਚੋਣ ਜਿੱਤਣ ਤੋਂ ਬਾਅਦ, ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਚੋਣ ਵਿੱਚ ਉਨ੍ਹਾਂ ਨੇ ਸਾਬਕਾ ਵਿਧਾਇਕ ਹਰਨੇਰਪਾਲ ਸਿੰਘ ਕੁੱਕੂ ਨੂੰ ਵੀ ਹਰਾਇਆ ਸੀ। ਉਹ ਪਹਿਲੀ ਵਾਰ 2007 ਦੀਆਂ ਚੋਣਾਂ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ ਅਤੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਹ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਬੇਟੇ ਕੰਵਰਜੀਤ ਸਿੰਘ ਸੰਨੀ ਬਰਾੜ ਤੋਂ ਚੋਣ ਹਾਰ ਗਏ।
ਇਸ ਤੋਂ ਬਾਅਦ 2011 ਵਿਚ ਮਰਾੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਤੋਂ ਚੋਣ ਲੜੀ ਅਤੇ ਮੁਕਤਸਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣਾਂ ਨਹੀਂ ਲੜੀਆਂ ਸਨ ਅਤੇ ਅਕਾਲੀ ਦਲ ਦੀ ਮਦਦ ਕੀਤੀ ਸੀ। 2017 ਵਿਚ ਉਨ੍ਹਾਂ ਨੇ ਮੁੜ ਅਕਾਲੀ ਦਲ ਤੋਂ ਵੱਖ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਜਿਸ ਵਿਚ ਉਹ ਹਾਰ ਗਏ। 2017 ਤੋਂ ਬਾਅਦ, ਉਹ ਕਾਂਗਰਸ ਦੇ ਨਾਲ ਨਜ਼ਰ ਆਏ। ਉਨ੍ਹਾਂ ਦੀ ਮੌਤ ਹੋਣ ਨਾਲ ਸ਼ਹਿਰ ਨੇ ਇੱਕ ਵੱਡੇ ਸਿਆਸੀ ਆਗੂ ਨੂੰ ਗੁਆ ਦਿੱਤਾ ਹੈ, ਜੋ ਲੋਕਾਂ ਦੇ ਸੁੱਖ-ਦੁੱਖ ਵਿੱਚ ਹਮੇਸ਼ਾ ਹੀ ਨਜ਼ਰ ਆਉਂਦਾ ਸੀ।