Rakesh Tikait in Nandigram mahapanchayat: ਦਿੱਲੀ ਵਿੱਚ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਹੁਣ ਬੰਗਾਲ ਪਹੁੰਚ ਗਏ ਹਨ । ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ‘ਤੇ ਕਿਸਾਨਾਂ ਨੇ ਸ਼ਨੀਵਾਰ ਨੂੰ ਕੋਲਕਾਤਾ ਅਤੇ ਨੰਦੀਗਰਾਮ ਵਿੱਚ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ । ਇੱਥੇ ਅੰਦੋਲਨਕਾਰੀ ਕਿਸਾਨਾਂ ਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ।
ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਟਿਕੈਤ ਮਹਾਂਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ। ਇਸ ਮੌਕੇ ਟਿਕੈਤ ਨੇ ਕਿਹਾ ਕਿ ਜਿਸ ਦਿਨ ਸੰਯੁਕਤ ਕਿਸਾਨ ਮੋਰਚਾ ਨੇ ਤੈਅ ਕਰ ਲਿਆ, ਉਸ ਦਿਨ ਸੰਸਦ ਦੇ ਸਾਹਮਣੇ ਇੱਕ ਮੰਡੀ ਖੁੱਲ੍ਹ ਜਾਵੇਗੀ। ਅਗਲਾ ਟੀਚਾ ਸੰਸਦ ‘ਤੇ ਫਸਲਾਂ ਵੇਚਣ ‘ਤੇ ਹੋਵੇਗਾ । ਸੰਸਦ ਵਿੱਚ ਮੰਡੀ ਖੁੱਲ੍ਹੇਗੀ । ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੰਡੀ ਦੇ ਬਾਹਰ ਕਿਤੇ ਵੀ ਸਬਜ਼ੀ ਵੇਚ ਲਵੋ । ਟਰੈਕਟਰ ਦਿੱਲੀ ਵਿੱਚ ਦਾਖਲ ਹੋਣਗੇ । ਸਾਡੇ ਕੋਲ ਸਾਢੇ ਤਿੰਨ ਲੱਖ ਟਰੈਕਟਰ ਹਨ ਅਤੇ 25 ਲੱਖ ਕਿਸਾਨ ਹਨ।’
ਨੰਦੀਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਬੰਗਾਲ ਦੇ ਲੋਕਾਂ ਨੂੰ ਸੰਦੇਸ਼ ਹੈ ਕਿ ਭਾਰਤ ਸਰਕਾਰ ਨੇ ਦੇਸ਼ ਨੂੰ ਲੁੱਟ ਲਿਆ ਹੈ, ਲੋਕਾਂ ਨੂੰ ਸਰਕਾਰ ਨੂੰ ਵੋਟ ਨਹੀਂ ਪਾਉਣੀ ਚਾਹੀਦੀ । ਆਪਣੇ ਬੰਗਾਲ ਨੂੰ ਬਚਾਓ। ਜੇ ਕੋਈ ਵੋਟਾਂ ਮੰਗਣ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੁੱਛੋ ਕਿ ਸਾਡੀ MSP ਕਦੋਂ ਮਿਲੇਗੀ, ਝੋਨੇ ਦੀ ਕੀਮਤ 1850 ਹੋ ਗਈ ਹੈ, ਉਹ ਕਦੋਂ ਮਿਲੇਗੀ?’ ਇਸ ਤੋਂ ਇਲਾਵਾ ਟਿਕੈਤ ਨੇ ਦੋਸ਼ ਲਾਇਆ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਅਤੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਨੂੰ ਤੋੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ‘ਜਨ-ਵਿਰੋਧੀ’ ਸਰਕਾਰ ਹੈ। ਉਨ੍ਹਾਂ ਕਿਹਾ, ‘ਭਾਜਪਾ ਨੂੰ ਵੋਟ ਨਾ ਦਿਓ। ਜੇ ਉਨ੍ਹਾਂ ਨੂੰ ਵੋਟ ਦਿੱਤੀ ਜਾਂਦੀ ਹੈ, ਤਾਂ ਉਹ ਤੁਹਾਡੀ ਜ਼ਮੀਨ ਵੱਡੇ ਕਾਰਪੋਰੇਟ ਅਤੇ ਉਦਯੋਗਾਂ ਨੂੰ ਦੇ ਦੇਣਗੇ ਅਤੇ ਤੁਹਾਨੂੰ ਬੇਜ਼ਮੀਨੇ ਬਣਾ ਦੇਣਗੇ। ਉਹ ਤੁਹਾਡੀ ਰੋਜ਼ੀ-ਰੋਟੀ ਨੂੰ ਦਾਅ ‘ਤੇ ਲਗਾ ਕੇ ਦੇਸ਼ ਦੇ ਵੱਡੇ ਉਦਯੋਗਪਤੀ ਸਮੂਹਾਂ ਨੂੰ ਸੌਂਪ ਦੇਣਗੇ ਅਤੇ ਤੁਹਾਨੂੰ ਖਤਰੇ ਵਿੱਚ ਪਾ ਦੇਣਗੇ।’
ਟਿਕੈਤ ਨੇ ਭਾਜਪਾ ਨੂੰ ‘ਧੋਖੇਬਾਜ਼ਾਂ ਦੀ ਪਾਰਟੀ’ ਕਰਾਰ ਦਿੰਦਿਆਂ ਕਿਹਾ, ‘ਅਸੀਂ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਦੇ ਨਾਲ ਖੜ੍ਹੇ ਹਾਂ।’ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬੰਗਾਲ ਵਿੱਚ ਕਿਸਾਨ ਮਹਾਂਪੰਚਾਇਤ ਦਾ ਮਤਲਬ ਰਾਜ ਵਿੱਚ ਕਿਸੇ ਵਿਸ਼ੇਸ਼ ਗੈਰ-ਭਾਜਪਾ ਪਾਰਟੀ ਦਾ ਸਮਰਥਨ ਕਰਨਾ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਇੱਥੇ ਕਿਸੇ ਖਾਸ ਪਾਰਟੀ ਲਈ ਵੋਟਾਂ ਮੰਗਣ ਲਈ ਨਹੀਂ ਆਇਆ ਹਾਂ । ਅਸੀਂ ਇੱਥੇ ਬੰਗਾਲ ਦੇ ਕਿਸਾਨਾਂ ਵੱਲੋਂ ਭਾਜਪਾ ਖਿਲਾਫ਼ ਲੜਾਈ ਸ਼ੁਰੂ ਕਰਨ ਲਈ ਅਪੀਲ ਕਰ ਰਹੇ ਹਾਂ।’