On behalf of : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਲਾਲਾਬਾਦ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਜਲਾਲਾਬਦ ਸੀਟ ਤੋਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਉਹ ਸਾਲ 2009, 2012 ਅਤੇ 2017 ਵਿਚ ਇਥੋਂ ਵਿਧਾਇਕ ਰਹਿ ਚੁੱਕੇ ਹਨ। 2019 ਵਿੱਚ ਫਿਰੋਜ਼ਪੁਰ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਦੇ ਜਿੱਤਣ ਤੋਂ ਬਾਅਦ ਇੱਥੇ ਹੋਈ ਉਪ ਚੋਣ ਵਿੱਚ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਜੇਤੂ ਰਹੇ।
ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਰੈਲੀ ਵਿੱਚ ਇਕੱਠੇ ਹੋਏ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਜ਼ੋਰਦਾਰ ਨਿਸ਼ਾਨਾ ਵਿਨ੍ਹਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜੋ ਘਰ ਤੋਂ ਕਦੇ ਬਾਹਰ ਨਹੀਂ ਨਿਕਲੇ। ਸੁਖਬੀਰ ਨੇ ਦੋਸ਼ ਲਾਇਆ ਕਿ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ, ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਬੇਅਦਬੀ ਦਾ ਝੂਠਾ ਪ੍ਰਚਾਰ ਕੀਤਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਹੀ ਪਵਿੱਤਰ ਗੁਟਖਾ ਸਾਹਿਬ ਨੂੰ ਆਪਣੇ ਹੱਥ ਵਿਚ ਲੈ ਕੇ ਪੰਜਾਬ ਵਿਚ ਨਸ਼ਿਆਂ ਨੂੰ ਖਤਮ ਕਰਨ, ਕਰਜ਼ੇ ਮੁਆਫ ਕਰਨ ਦੀ, ਘਰ-ਘਰ ਨੌਕਰੀ ਦੇਣ ਲਈ ਦੀ ਸਹੁੰ ਖਾਧੀ ਸੀ ਪਰ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।
ਇਸ ਦੌਰਾਨ ਉਨ੍ਹਾਂ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ‘ਤੇ ਵੀ ਤੰਜ ਕੱਸਿਆ । ਉਨ੍ਹਾਂ ਕਿਹਾ ਕਿ ਜਲਾਲਾਬਾਦ ਉਪ ਚੋਣਾਂ ਦੌਰਾਨ ਰਮਿੰਦਰ ਆਵਲਾ ਨੇ ਲੋਕਾਂ ਨੂੰ ਇਥੇ ਫੈਕਟਰੀ ਸਥਾਪਤ ਕਰਨ ਅਤੇ ਨੌਜਵਾਨਾਂ ਨੂੰ ਇਸ ਵਿਚ ਨੌਕਰੀਆਂ ਦਿਵਾਉਣ ਦੇ ਸੁਪਨੇ ਦਿਖਾਏ, ਪਰ ਅੱਜ ਜਲਾਲਾਬਾਦ ਦੇ ਲੋਕ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਫੈਕਟਰੀ ਕਿੱਥੇ ਹੈ। ਇਸ ਮੌਕੇ ਉਨ੍ਹਾਂ ਵਿਧਾਨ ਸਭਾ ਚੋਣਾਂ ਜਿੱਤਣ ‘ਤੇ ਪੂਰੇ ਹੋਣ ਵਾਲੇ ਪੰਜ ਵਾਅਦਿਆਂ ਬਾਰੇ ਵੀ ਦੱਸਿਆ।