Myanmar Protest: ਮਿਆਂਮਾਰ ਵਿੱਚ ਤਖਤਾਪਲਟ ਹੋਣ ਦੇ ਬਾਅਦ ਤੋਂ ਹੀ ਹਾਲਾਤ ਬੇਕਾਬੂ ਹੋ ਗਏ ਹਨ । ਐਤਵਾਰ ਨੂੰ ਯਾਂਗੂਨ ਇਲਾਕੇ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਚੀਨੀ ਫੈਕਟਰੀ ਨੂੰ ਅੱਗ ਲਗਾ ਦਿੱਤੀ ਗਈ, ਜਿਸ ਮਗਰੋਂ ਮਿਆਂਮਾਰ ਦੀ ਫੌਜ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ । ਇਸ ਗੋਲੀਬਾਰੀ ਵਿੱਚ 51 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ, ਬੀਤੇ 6 ਹਫ਼ਤਿਆਂ ਤੋਂ ਜਾਰੀ ਪ੍ਰਦਰਸ਼ਨ ਦਾ ਇਹ ਹੁਣ ਤੱਕ ਦੀ ਸਭ ਤੋਂ ਖਤਰਨਾਕ ਕਾਰਵਾਈ ਰਹੀ।
ਯਾਂਗੂਨ ਦੀ ਗੋਲੀਬਾਰੀ ਵਿੱਚ 51 ਲੋਕਾਂ ਦੀ ਜਾਨ ਗਈ ਤਾਂ ਉਸ ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਵੀ 12 ਲੋਕ ਐਤਵਾਰ ਨੂੰ ਹੀ ਆਪਣੀ ਜਾਨ ਗਵਾ ਬੈਠੇ। ਮਿਆਂਮਾਰ ਦੇ ਇੱਕ ਸੰਗਠਨ ਅਨੁਸਾਰ ਹੁਣ ਤੱਕ ਦੇ ਪ੍ਰਦਰਸ਼ਨ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 125 ਦਾ ਅੰਕੜਾ ਪਾਰ ਕਰ ਚੁੱਕੀ ਹੈ । ਇਸ ਮਾਮਲੇ ਵਿੱਚ ਜੇਕਰ ਮਾਹਰਾਂ ਦੀ ਮੰਨੀ ਜਾਵੇ ਤਾਂ ਹਾਲੇ ਮਿਆਂਮਾਰ ਵਿੱਚ ਪ੍ਰਦਰਸ਼ਨਕਾਰੀਆਂ ਦੀ ਮੌਤ ਦਾ ਅੰਕੜਾ ਵੱਧ ਸਕਦਾ ਹੈ, ਕਿਉਂਕਿ ਹਾਲੇ ਵੀ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਲਾਸ਼ਾਂ ਪਈਆਂ ਹਨ।
ਦਰਅਸਲ, ਮਿਆਂਮਾਰ ਵਿੱਚ ਜਾਰੀ ਇਸ ਖੂਨੀ ਖੇਡ ਨੂੰ ਲੈ ਕੇ ਦੁਨੀਆ ਲਗਾਤਾਰ ਚਿੰਤਾ ਵਿੱਚ ਹੈ। ਐਤਵਾਰ ਦੀ ਘਟਨਾ ਦੇ ਬਾਅਦ ਬ੍ਰਿਟਿਸ਼ ਸਰਕਾਰ ਨੇ ਚਿੰਤਾ ਜ਼ਾਹਿਰ ਕੀਤੀ ਹੈ ਤਾਂ ਉੱਥੇ ਸੰਯੁਕਤ ਰਾਸ਼ਟਰ ਵੱਲੋਂ ਵੀ ਅਪੀਲ ਕੀਤੀ ਗਈ ਹੈ ਹੈ ਕਿ ਮਿਆਂਮਾਰ ਦੀ ਫੌਜ ਨੂੰ ਤੁਰੰਤ ਸੱਤਾ ਵਾਪਸ ਚੁਣੀ ਗਈ ਸਰਕਾਰ ਨੂੰ ਸੌਂਪ ਦੇਣੀ ਚਾਹੀਦੀ ਹੈ।
ਦੱਸ ਦਈਏ ਕਿ ਮਿਆਂਮਾਰ ਵਿੱਚ 1 ਫਰਵਰੀ ਨੂੰ ਫੌਜ ਨੇ ਤਖਤਾਪਲਟ ਕਰ ਦਿੱਤਾ ਸੀ ਅਤੇ ਮਿਆਂਮਾਰ ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ । ਆਂਗ ਸਾਨ ਸੂ ਕੀ ਸਣੇ ਕਈ ਵੱਡੇ ਨੇਤਾਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹਨਾਂ ਦੀ ਆਵਾਜ਼ ਦਬਾ ਦਿੱਤੀ ਗਈ । ਇਸ ਤੋਂ ਬਾਅਦ ਹੀ ਮਿਆਂਮਾਰ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਲੋਕ ਆਂਗ ਸਾਨ ਸੂ ਕੀ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਿਆਂਮਾਰ ਦੇ ਪ੍ਰਦਰਸ਼ਨਾਂ ਵਿੱਚ ਹੁਣ ਤੱਕ ਕੁੱਲ 2156 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।