AAP leader and Naresh Yadav : ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਦੀ ਸੁਣਵਾਈ ਵਿੱਚ ਅਦਾਲਤ ਵੱਲੋਂ ਆਪ ਆਗੂ ਅਤੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਵਿਧਇਕ ਨੂੰ ਅੱਜ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਮਾਮਲਾ 24 ਜੂਨ, 2016 ਦਾ ਹੈ, ਜਦੋਂ ਮੁਸਲਿਮ ਬਹੁ-ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਚ ਪਵਿੱਤਰ ਕੁਰਾਨ ਸ਼ਰੀਫ਼ ਸਾੜੇ ਜਾਣ ਦੀ ਘਟਨਾ ਵਾਪਰੀ ਸੀ। ਪੁਲਿਸ ਨੇ ਇਸ ਮਾਮਲੇ ‘ਚ ਨਰੇਸ਼ ਯਾਦਵ, ਆਰਐੱਸਐੱਸ ਦੇ ਸਾਬਕਾ ਪ੍ਰਚਾਰਕ ਤੇ ਤਿੰਨ ਹੋਰਨਾਂ ਵਿਰੁੱਧ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ।
ਇਹ ਮਾਮਲਾ ਪਹਿਲਾਂ ਰਾਜ-ਧਰੋਹ ਦੇ ਦੋਸ਼ ਲੱਗਣ ਕਰਨ ਮਾਲੇਰਕੋਟਲਾ ਤੋਂ ਸੈਸ਼ਨਜ਼ ਕੋਰਟ `ਚ ਭੇਜਿਆ ਗਿਆ ਸੀ ਪਰ ਫਿਰ ਐਡੀਸ਼ਨਲ ਸੈਸ਼ਨਜ਼ ਜੱਜ ਨੇ ਇਸ ਤੋਂ ਰਾਜ-ਧਰੋਹ ਦਾ ਦੋਸ਼ ਹਟਾ ਦਿੱਤੇ ਅਤੇ ਇਹ ਮਾਮਲਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਤਬਦੀਲ ਕਰ ਦਿੱਤ ਸੀ। ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦਾ ਇਸ ਮਾਮਲੇ ਵਿੱਚ ਕਹਿਣਾ ਸੀ ਕਿ ਉਸ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਘਟਨਾ ਨਾਲ ਉਸ ਦਾ ਕੋਈ ਸਬੰਧ ਹੈ। ਪੰਜਾਬ ਵਿੱਚ ‘ਆਪ’ ਨੂੰ ਬਦਨਾਮ ਕਰਨ ਲਈ ਉਸ ਦਾ ਨਾਂਅ ਸਾਜਿਸ਼ ਤਹਿਤ ਕੇਸ ਵਿੱਚ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਵਿਚ ਭਰੋਸਾ ਹੈ ਤੇ ਅਖੀਰ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਬੇਗੁਨਾਹ ਪਾਉਂਦੇ ਹੋਏ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।