The Punjab Govt took stern notice: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੂੰ ਅਰਧ-ਸਰਕਾਰੀ ਪੱਤਰ ਲਿਖ ਕੇ ਸਿਵਲ ਹਸਪਤਾਲਾਂ ਵਿੱਚ ਰਾਤ ਨੂੰ ਐਮਰਜੈਂਸੀ ਸੇਵਾਵਾਂ ਲਈ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਮਰਜੈਂਸੀ ਵਿਭਾਗ ਵਿੱਚ 14 ਮਾਰਚ ਨੂੰ ਦੋ ਧੜਿਆਂ ਦਰਮਿਆਨ ਹੋਈ ਝੜਪ ਦੌਰਾਨ ਈ.ਐੱਮ.ਓ ਡਾ. ਭਵਨੀਤ ਸਿੰਘ ਨੂੰ ਗੋਲੀ ਲੱਗਣ ਦੀ ਘਟਨਾ ਦਾ ਨੋਟਿਸ ਲੈਂਦਿਆਂ ਇਹ ਹਿਦਾਇਤਾਂ ਦਿੱਤੀਆਂ ਹਨ।
ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ। ਮੈਂ ਡੀਜੀਪੀ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਸਥਾਈ ਪੁਲਿਸ ਚੌਕੀਆਂ ਬਣਾਉਣ, ਸੁਰੱਖਿਆ ਅਮਲੇ ਦੀ ਤਾਇਨਾਤੀ ਕਰਨ ਅਤੇ ਗਸ਼ਤ ਵਧਾਉਣ ਲਈ ਤੁਰੰਤ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਇਕ ਸਬ-ਇੰਸਪੈਕਟਰ ਸਮੇਤ ਅੱਠ ਕਰਮਚਾਰੀਆਂ ਨੂੰ ਅਮ੍ਰਿਤਸਰ ਸਿਵਲ ਹਸਪਤਾਲ ਵਿਖੇ ਤਾਇਨਾਤ ਕੀਤਾ ਹੈ। ਉਨ੍ਹਾਂ ਪੀਸੀਐਮਐਸ ਸਪੈਸ਼ਲਿਸਟ ਡਾਕਟਰ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਰਾਜ ਦੇ ਬਾਕੀ ਸਿਵਲ ਹਸਪਤਾਲਾਂ ਨੂੰ ਵੀ ਰਾਤ ਨੂੰ ਐਮਰਜੈਂਸੀ ਸੇਵਾਵਾਂ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਜਲਦੀ ਹੀ ਸਿਵਲ ਹਸਪਤਾਲਾਂ ਵਿਚ ਪੱਕੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਇੱਕ ਡਾਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਸੋਮਵਾਰ ਨੂੰ ਪੀਸੀਐਮਐਸ (ਪੰਜਾਬ ਸਿਵਲ ਮੈਡੀਕਲ ਸਰਵਿਸਿਜ਼) ਐਸੋਸੀਏਸ਼ਨ ਨੇ ਅੰਮ੍ਰਿਤਸਰ ਵਿੱਚ ਈਐਮਓ ‘ਤੇ ਗੋਲੀ ਚਲਾਉਣ ਕਰਕੇ ਦੋ ਘੰਟੇ ਦੀ ਹੜਤਾਲ ਕੀਤੀ ਸੀ। ਸਵੇਰੇ 10 ਤੋਂ 12 ਵਜੇ ਤੱਕ ਪਠਾਨਕੋਟ ਸਿਵਲ ਹਸਪਤਾਲ ਅਤੇ ਸੰਗਰੂਰ ਦੇ ਡਾਕਟਰਾਂ ਨੇ ਓਪੀਡੀ ਦਾ ਕੰਮਕਾਜ ਠੱਪ ਕਰ ਰੱਖਿਆ। ਹਾਲਾਂਕਿ ਐਮਰਜੈਂਸੀ ਮਰੀਜ਼ਾਂ ਦਾ ਇਲਾਜ ਜਾਰੀ ਰਿਹਾ। ਦੂਰ-ਦੁਰਾਡੇ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਹੜਤਾਲ ਖਤਮ ਹੋਣ ਦਾ ਇੰਤਜ਼ਾਰ ਕਰਨਾ ਪਿਆ। ਪਠਾਨਕੋਟ ਜ਼ਿਲ੍ਹਾ ਪ੍ਰਧਾਨ ਡਾ: ਸੁਨੀਲ ਚੰਦ ਨੇ ਕਿਹਾ ਕਿ ਰਾਜ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਰਾਤ ਅੱਠ ਵਜੇ ਤੋਂ ਬਾਅਦ ਲੋਕਾਂ ਦਾ ਮੈਡੀਕਲ ਨਹੀਂ ਕੱਟਿਆ ਜਾਵੇਗਾ। ਇਸ ਤੋਂ ਇਲਾਵਾ ਜਦੋਂ ਤੱਕ ਡਾਕਟਰਾਂ ਨੂੰ ਸੁਰੱਖਿਆ ਨਹੀਂ ਮਿਲਦੀ ਉਦੋਂ ਤੱਕ ਪੁਲਿਸ ਦੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਦੋਸ਼ੀਆਂ ‘ਤੇ ਸਖਤ ਕਾਰਵਾਈ ਦੀ ਮੰਗ ਕੀਤੀ।