ਬਾਲੀਵੁੱਡ ‘ਚ ਕਲਾਕਾਰ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਨਾਲ ਜਾਣਿਆ ਜਾਂਦਾ ਹੈ ਅਤੇ ਅਜਿਹਾ ਹੀ ਇੱਕ ਅਦਾਕਾਰ ਸੀ ਸ਼ਸ਼ੀ ਕਪੂਰ। ਸ਼ਸ਼ੀ ਕਪੂਰ ਦਾ ਜਨਮ 18 ਮਾਰਚ 1938 ਨੂੰ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਫਿਲਮ ਨਿਰਮਾਤਾ ਪ੍ਰਿਥਵੀ ਰਾਜ ਕਪੂਰ ਦੇ ਘਰ ਹੋਇਆ ਸੀ। ਉਹ ਅਦਾਕਾਰ ਰਾਜ ਕਪੂਰ ਅਤੇ ਸ਼ੰਮੀ ਕਪੂਰ ਦਾ ਛੋਟਾ ਭਰਾ ਸੀ। ਸ਼ਸ਼ੀ ਕਪੂਰ ਦੀ ਮਾਂ ਦਾ ਨਾਮ ਰਾਮ ਸ਼ਰਨੀ ਕਪੂਰ ਸੀ। ਸ਼ਸ਼ੀ ਕਪੂਰ ਦੇ ਬਚਪਨ ਦਾ ਨਾਮ ਬਲਬੀਰ ਰਾਜ ਕਪੂਰ ਸੀ।
ਉਸਨੇ 1944 ਵਿੱਚ ਪਿਤਾ ਪ੍ਰਿਥਵੀ ਰਾਜ ਕਪੂਰ ਦੇ ਪ੍ਰਿਥਵੀ ਥੀਏਟਰ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਪਹਿਲੀ ਵਾਰ ਸ਼ਸ਼ੀ ਕਪੂਰ ਨਾਟਕ ਸ਼ਕੁੰਤਲਾ ਵਿੱਚ ਨਜ਼ਰ ਆਏ ਸਨ। ਹਿੰਦੀ ਫਿਲਮਾਂ ਤੋਂ ਇਲਾਵਾ ਸ਼ਸ਼ੀ ਕਪੂਰ ਨੇ ਵਿਦੇਸ਼ੀ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹ ਭਾਰਤ ਦੇ ਮੁੱਢਲੇ ਕਲਾਕਾਰਾਂ ‘ਚੋਂ ਇੱਕ ਸੀ ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਬ੍ਰਿਟਿਸ਼ ਅਤੇ ਅਮਰੀਕੀ ਫਿਲਮਾਂ ‘ਚ ਵੀ ਅਦਾਕਾਰੀ ਕੀਤੀ ਸੀ। ਸ਼ਸ਼ੀ ਕਪੂਰ ਨੇ 10 ਤੋਂ ਵੱਧ ਹਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਸੀ। ਪਦਮ ਸ਼੍ਰੀ ਤੋਂ ਇਲਾਵਾ ਉਨ੍ਹਾਂ ਨੂੰ ਹਿੰਦੀ ਸਿਨੇਮਾ ਵਿੱਚ ਪਾਏ ਯੋਗਦਾਨ ਬਦਲੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।