baba jiven singh ji: ਭਾਈ ਜੈਤਾ ਜੀ ਬਾਬਾ ਝੰਡਾ ਸਿੰਘ ਦੇ ਨਾਲ ਹਰ ਕੰਮ ਵਿੱਚ ਸਲਾਹਕਾਰ ਵੀ ਸਨ। ਬਾਬਾ ਝੰਡਾ ਸਿੰਘ ਦੀ ਮ੍ਰਿਤੂ ਤੋਂ ਉਪਰੰਤ ਉਨ੍ਹਾਂ ਦੇ ਪੁੱਤਰ ਭਾਈ ਗੁਰਦਿੱਤਾ ਜੀ ਨੂੰ ਨਗਰ ਰਾਮਦਾਸਪੁਰ (ਰਮਦਾਸ) ਦਾ ਕਾਰਜ ਸੌਂਪਿਆ ਗਿਆ। ਭਾਈ ਜੈਤਾ ਜੀ ਨੇ, ਭਾਈ ਗੁਰਦਿੱਤਾ ਜੀ ਦੀ ਸੇਵਾ ਬੜੇ ਸ਼ਰਧਾ ਭਾਵ ਨਾਲ ਕੀਤੀ ਅਤੇ ਉਸ ਦੀ ਸੰਗਤ ਦੀ ਰੰਗਤ ਕਰਕੇ ਹੀ, ਉਹ ਸਿੱਖ ਬਣੇ ਸਨ।ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਨੇ ਭਾਈ ਗੁਰਬਖ਼ਸ਼ ਮਸੰਦ ਨੂੰ ‘ਗੁਰਿਆਈ ਮਰਯਾਦਾ ਅਨੁਸਾਰ ‘ਬਾਬਾ ਬਕਾਲਾ’ ਕਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਭੇਜਿਆ ਸੀ। ਭਾਈ ਗੁਰਬਖ਼ਸ਼ ਮਸੰਦ ਦੇ ਨਾਲ, ਭਾਈ ਗੁਰਦਿੱਤਾ ਜੀ ਅਤੇ ਭਾਈ ਜੈਤਾ ਜੀ ਵੀ ਸਨ।
ਇਸ ਤੋਂ ਬਾਅਦ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਲੱਗੇ ਰਹੇ। ਦਿੱਲੀ ਵਿੱਚ ਸ਼ਹਾਦਤ ਲਈ ਜਾਣ ਤੋਂ ਪਹਿਲਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਹ, ਭਾਈ ਗੁਰਦਿੱਤਾ ਜੀ (ਵੰਸ਼ ਬਾਬਾ ਬੁੱਢਾ ਜੀ) ਦੇ ਹੱਥ ਫੜਾਉਣ ਵੇਲੇ ਵੀ, ਭਾਈ ਜੈਤਾ ਜੀ ਉਨ੍ਹਾਂ ਦੇ ਨਾਲ ਸਨ।ਗੁਰੂ ਜੀ ਦੀ ਖ਼ਬਰ ਲੈਣ ਲਈ ਭਾਈ ਜੈਤਾ ਜੀ ਦਿੱਲੀ ਗਏ। ਕੋਤਵਾਲੀ ਦਾ ਦਰੋਗਾ ਅਬਦੁੱਲ ਰਹਿਮਾਨ ਖਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਅਤੇ ਪਵਿੱਤਰ ਵਿਵਹਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਚਰਨਾਂ ਦਾ ਭੌਰਾ ਬਣ ਚੁੱਕਾ ਸੀ।ਭਾਈ ਜੈਤਾ ਜੀ ਨੇ ਇਸ ਦਰੋਗੇ ਦੀ ਸਹਾਇਤਾ ਨਾਲ ਪਿੰਜਰੇ ਵਿੱਚ ਬੰਦ ਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਜੀ ਨੇ ਉਸ ਸਮੇਂ ਭਾਈ ਜੈਤਾ ਜੀ ਨੂੰ ਕਿਹਾ ਸੀ ਕਿ, “ਉਹ ਵਰਤਣ ਵਾਲੇ ਭਾਣੇ ਤਕ ਦਿੱਲੀ ਵਿੱਚ ਹੀ ਰਹੇ।
ਗੁਰੂ ਜੀ ਨੇ ਭਾਈ ਜੈਤਾ ਜੀ ਰਾਹੀਂ ਬਜ਼ਾਰ ਵਿੱਚੋਂ ਪੱਗ ਮੰਗਵਾਈ ਅਤੇ ਆਪਣੇ ਇਕ ਸਿੱਖ “ਬ੍ਰਹਮ ਭੱਟ” ਰਾਹੀਂ ਅਨੰਦਪੁਰ ਸਾਹਿਬ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਭੇਜੀ। ਜੋ ਭਾਈ ਰਾਮ ਕੌਰ (ਗੁਰਬਖਸ਼ ਸਿੰਘ) ਜੀ ਦੇ ਹੱਥੀਂ ‘ਸ੍ਰੀ ਗੁਰੂ ਗੋਬਿੰਦ ਸਿੰਘ’ ਦੇ ਸਿਰ ’ਤੇ ਸਜਾਈ ਗਈ।11 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਹਜ਼ਾਰਾਂ ਲੋਕਾਂ ਦੀ ਭੀੜ ਵਿੱਚ, ਭਾਈ ਜੈਤਾ ਜੀ ਵੀ ਖੜੇ ਸਨ। ਬਹਾਦਰ ਸੂਰਮੇ ਦੇ ਖ਼ੂਨ ਨੇ ਉਬਾਲਾ ਖਾਧਾ।ਏਨੇ ਨੂੰ ਜ਼ੋਰ ਦੀ ਹਨ੍ਹੇਰੀ ਆਈ। ਹਨ੍ਹੇਰੀ ਦੀ ਆੜ ਵਿੱਚ, ਇਸ ਨਿਰਭੈ ਯੋਧੇ ਨੇ, ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ, ਪਹਿਰੇਦਾਰਾਂ ਤੋਂ ਅੱਖਾਂ ਬਚਾ ਕੇ, ਗੁਰੂ ਸਾਹਿਬ ਦੇ ਖ਼ੂਨ ਨਾਲ ਲੱਥ-ਪੱਥ ਸੀਸ ਨੂੰ, ਬੜੀ ਫੁਰਤੀ ਨਾਲ ਉਠਾ ਲਿਆ। ਵਗ ਰਹੀ ਕਹਿਰੀ ਹਨ੍ਹੇਰੀ ਅਤੇ ਲੋਕਾਂ ਦੀ ਭੀੜ ਦੀ ਭਗਦੜ ਵਿੱਚ, ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ, ਦਿੱਲੀ ਤੋਂ ਬਾਹਰ ਨਿਕਲ ਗਏ ਅਤੇ ਬਚਦੇ ਬਚਾਉਂਦੇ ਕੀਰਤਪੁਰ ਸਾਹਿਬ ਪਹੁੰਚ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤੀ ਅਤੇ ਇਸ ਸੀਸ ਨੂੰ ਵੱਡੀ ਘਾਲਣਾ ਘਾਲ ਕੇ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਆਪਣੀਆਂ ਨਿੱਕੀਆਂ ਬਾਹਾਂ ਵਿੱਚ ਲੈਂਦੇ ਹੋਏ ਹਿੱਕ ਨਾਲ ਲਾ ਕੇ ਮਹਾਨ ਕਰਤੱਵ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਬਚਨ ਕੀਤਾ, “ਇਹ ਰੰਗਰੇਟਾ, ਗੁਰੂ ਕਾ ਬੇਟਾ ਹੈ”।1699 ਦੀ ਵੈਸਾਖੀ ਵਾਲੇ ਦਿਨ, ਖਾਲਸੇ ਨੂੰ ਪਰਗਟ ਕਰਨ ’ਤੇ ਭਾਈ ਜੈਤਾ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ “ਪਾਹੁਲ” ਲਈ ਅਤੇ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਬਣ ਗਏ। ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰੇ ਦੇ ‘ਨਗਾਰਚੀ’ ਵਜੋਂ ਆਪ ਜੀ ਨੂੰ ਸੇਵਾ ਸੌਂਪੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲ ਲੈਣ ਵਾਲੇ ਹਰ ਸਿੱਖ ਨੂੰ ਪਾਹੁਲ ਦੇਣ ਪਿਛੋਂ ਸਿਖਿਆ ਦੇ ਤੌਰ ‘ਤੇ ਕਿਹਾ ਕਿ ਅੱਜ ਤੋਂ ਤੇਰੀ ਪਹਿਲੀ ਕੁਲ ਨਾਸ਼, ਤੇਰਾ ਪਹਿਲਾ ਧਰਮ ਨਾਸ਼ ਹੈ, ਤੇਰਾ ਪਹਿਲਾ ਕਰਮ ਨਾਸ਼ ਹੈ,ਆਦਿ । ਅੱਜ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈਂ ਅਤੇ ਅਨੰਦ ਪੁਰ ਸਾਹਿਬ ਦਾ ਵਾਸੀ ਹੈਂ। ਅੱਜ ਤੋਂ ਤੂੰ ਹਰ ਜੀਵ ਜੰਤ ਅਤੇ ਮਨੁਖ ਮਾਤਰ ਵਿੱਚ ਇਕ ਪ੍ਰਮਾਤਮਾ ਨੂੰ ਹੀ ਪਛਾਨਣਾ ਹੈ ਅਤੇ ਰੱਬ ਦੀ ਕੁਦਰਤ ਨੂੰ ਪਿਆਰ ਕਰਨਾ ਹੈ।