Nikhat zareen defeated : ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਸ਼ੁੱਕਰਵਾਰ ਨੂੰ ਦੋ ਵਾਰ ਦੀ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਨਾਜ਼ੀਮ ਕਜਾਇਬੇ ਨੂੰ ਹਰਾਇਆ ਹੈ। ਇਸ ਦੇ ਨਾਲ ਨਿਕਹਤ ਨੇ ਇਸਤਾਂਬੁਲ ਵਿੱਚ ਚੱਲ ਰਹੇ ਬਾਸਫੋਰਸ ਬਾਕਸਿੰਗ ਟੂਰਨਾਮੈਂਟ ਵਿੱਚ ਮਹਿਲਾਵਾਂ ਦੇ 51 ਕਿੱਲੋ ਭਾਰ ਵਰਗ ਵਿੱਚ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ, ਜ਼ਰੀਨ ਨੇ ਰੂਸ ਦੀ 2019 ਦੀ ਵਿਸ਼ਵ ਚੈਂਪੀਅਨ ਪੈਲਟਸੇਵਾ ਇਕਟੇਰੀਨਾ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਹਰਾਇਆ ਸੀ, ਜਿਸ ਕਾਰਨ ਕਜ਼ਾਕਿਸਤਾਨ ਦੀ ਆਪਣੀ ਵਿਰੋਧੀ ਖਿਲਾਫ ਉਹ ਆਤਮ ਵਿਸ਼ਵਾਸ ਵਿੱਚ ਦਿਖਾਈ ਦਿੱਤੀ। ਨਿਕਹਤ ਨੇ ਸਾਲ 2014 ਅਤੇ 2016 ਦੇ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਕਜਾਇਬੇ ਨੂੰ 4-1 ਨਾਲ ਹਰਾਇਆ ਅਤੇ ਆਪਣੇ ਲਈ ਮੈਡਲ ਪੱਕਾ ਕੀਤਾ।
ਜ਼ਰੀਨ ਤੋਂ ਇਲਾਵਾ, 2018 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਗੌਰਵ ਸੋਲੰਕੀ ਵੀ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਨੇ ਪੁਰਸ਼ਾਂ ਦੇ 57 ਕਿੱਲੋ ਵਿੱਚ ਸਥਾਨਕ ਮੁੱਕੇਬਾਜ਼ ਅਯਕੋਲ ਮਿਜਾਨ ਨੂੰ 4-1 ਨਾਲ ਹਰਾਇਆ ਹੈ। ਹੋਰ ਮਹਿਲਾ ਮੁੱਕੇਬਾਜ਼ਾਂ ਵਿੱਚੋਂ ਸੋਨੀਆ ਲਾਠੇਰ (57 ਕਿਲੋ), ਪਰਵੀਨ (60 ਕਿਲੋ) ਅਤੇ ਜੋਤੀ (69 ਕਿਲੋ) ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈਆਂ ਹਨ। ਇਸ ਦੌਰਾਨ ਪੁਰਸ਼ ਵਰਗ ਵਿੱਚ ਸ਼ਿਵ ਥਾਪਾ (63 ਕਿਲੋ) ਨੂੰ ਤੁਰਕੀ ਦੇ ਹਾਕਨ ਡੋਗਨ ਤੋਂ 1–4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।