For those who : ਪੰਜਾਬ ‘ਚ ਦਿਨੋ-ਦਿਨ ਕੋਰੋਨਾ ਦੇ ਕੇਸ ਤੇਜ਼ੀ ਫੜਦੇ ਜਾ ਰਹੇ ਹਨ। ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰੇਕ ਜਿਲ੍ਹਾ ਕੋਰੋਨਾ ਤੋਂ ਪ੍ਰਭਾਵਿਤ ਹੋ ਰਿਹਾ ਹੈ। ਕੋਵਿਡ-19 ਨੂੰ ਕੰਟਰੋਲ ਕਰਨ ਲਈ ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਮਾਸਕ ਪਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਤੇ ਨਾਲ ਹੀ ਇਹ ਹਦਾਇਤ ਵੀ ਦਿੱਤੀ ਗਈ ਸੀ ਕਿ ਜੇਕਰ ਕੋਈ ਬਿਨਾਂ ਮਾਸਕ ਤੋਂ ਫੜਿਆ ਗਿਆ ਤਾਂ ਉਸ ਦਾ ਮੌਕੇ ‘ਤੇ ਹੀ ਕੋਰੋਨਾ ਟੈਸਟ ਕਰਵਾਇਆ ਜਾਵੇ। ਅਜਿਹਾ ਹੀ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਵਿਖੇ ਪੁਲਿਸ ਨੇ ਕਰ ਦਿਖਾਇਆ। ਨਾਕੇ ਦੌਰਾਨ ਬਿਨਾਂ ਮਾਸਕ ਤੋਂ ਵਿਅਕਤੀਆਂ ਨੂੰ ਫੜ ਕੇ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਤੇ ਨਾਲ ਹੀ ਉਨ੍ਹਾਂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਬਿਨਾਂ ਮਾਸਕ ਤੋਂ ਫੜੇ ਗਏ ਕੁਝ ਨੌਜਵਾਨਾਂ ਵੱਲੋਂ ਆਪਣੇ ਵਾਹਨ ਮੌਕੇ ‘ਤੇ ਛੱਡ ਕੇ ਫਰਾਰ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਹਨਾਂ ਨੂੰ ਥਾਣੇ ‘ਚ ਸੀਲ ਕਰ ਦਿੱਤਾ ਜਾਵੇਗਾ। ਟ੍ਰੈਫਿਕ ਪੁਲਿਸ ਵੱਲੋਂ ਫਾਜ਼ਿਲਕਾ ਦੇ ਸਿਵਲ ਸਰਜਨ ਦਫਤਰ ਦੇ ਬਾਹਰ ਹੀ ਨਾਕਾਬੰਦੀ ਕੀਤੀ ਗਈ ਹੈ ਤੇ ਜਿਹੜਾ ਵਿਅਕਤੀ ਬਿਨਾਂ ਮਾਸਕ ਤੋਂ ਫੜਿਆ ਗਿਆ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਕੋਰੋਨਾ ਦੀ ਦੂਜੀ ਲਹਿਰ ਕਾਰਨ ਵੱਡੀ ਗਿਣਤੀ ‘ਚ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ।
ਕੋਰੋਨਾ ਵਾਇਰਸ ਤੋਂ ਬਚਾਅ ਲਈ ਭਾਵੇਂ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਪਰ ਫਿਰ ਵੀ ਸਿਹਤ ਵਿਭਾਗ ਵੱਲੋਂ ਨਾਲ ਹੀ ਮਾਸਕ ਲਗਾਉਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੋਰੋਨਾ ਨੂੰ ਛੇਤੀ ਤੋਂ ਛੇਤੀ ਕੰਟਰੋਲ ਕੀਤਾ ਜਾ ਸਕੇ । ਪੰਜਾਬ ਵਿਚ ਸ਼ੁੱਕਰਵਾਰ ਨੂੰ 38 ਹੋਰ ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ। ਇਸ ਦੇ ਨਾਲ, ਰਾਜ ਵਿੱਚ ਇਸ ਮਹਾਂਮਾਰੀ ਨਾਲ ਹੋਈਆਂ ਮੌਤਾਂ ਦੀ ਕੁੱਲ ਸੰਖਿਆ 6242 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਰੋਨਾ ਦੇ 2490 ਨਵੇਂ ਕੇਸ ਵੀ ਦਰਜ ਕੀਤੇ ਗਏ ਹਨ. ਵਿਭਾਗ ਦੇ ਅਨੁਸਾਰ, ਇਸ ਸਮੇਂ ਕੋਰੋਨਾ ਤੋਂ ਪੀੜਤ 15459 ਮਰੀਜ਼ਾਂ ਦਾ ਰਾਜ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ 286 ਮਰੀਜ਼ ਆਕਸੀਜਨ ਅਤੇ 22 ਵੈਂਟੀਲੇਟਰ ‘ਤੇ ਹਨ।