Lahore motorway case: ਪਾਕਿਸਤਾਨ ਵਿੱਚ ਬਲਾਤਕਾਰ ਦੇ ਕੇਸ ਵਿੱਚ ਅਦਾਲਤ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਲਾਹੌਰ ਦੀ ਐਂਟੀ ਟੈਰੇਰਿਜ਼ਮ ਕੋਰਟ ਨੇ ਸ਼ਨੀਵਾਰ ਨੂੰ ਆਬਿਦ ਮਾਲਹੀ ਅਤੇ ਸ਼ਫਕਤ ਅਲੀ ਨੂੰ ਇੱਕ ਮਹਿਲਾ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੰਦਿਆਂ ਮੌਤ-ਏ-ਮੌਤ ਦੀ ਸਜ਼ਾ ਸੁਣਾਈ ਹੈ । ਪਿਛਲੇ ਸਾਲ ਲਾਹੌਰ-ਸਿਆਲਕੋਟ ਮੋਟਰਵੇਅ ‘ਤੇ ਇਨ੍ਹਾਂ ਦੋਹਾਂ ਨੇ ਮਹਿਲਾ ਨਾਲ ਦਰਿੰਦਗੀ ਕੀਤੀ ਸੀ। ਅਦਾਲਤ ਨੇ ਵੀਰਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ । ਪਾਕਿਸਤਾਨ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਸਮੂਹਿਕ ਜਬਰ-ਜਨਾਹ ਦੇ ਕੇਸ ਵਿੱਚ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ ।
ਐਂਟੀ ਟੈਰੇਰਿਜ਼ਮ ਕੋਰਟ ਦੇ ਜੱਜ ਅਰਸ਼ਦ ਹੁਸੈਨ ਭੱਟ ਨੇ ਸ਼ਨੀਵਾਰ ਨੂੰ ਇਹ ਇਤਿਹਾਸਕ ਫੈਸਲਾ ਸੁਣਾਇਆ । ਮੀਡੀਆ ਅਨੁਸਾਰ ਲਾਹੌਰ ਕੈਂਪ ਜੇਲ੍ਹ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ। ਜੱਜ ਸ਼ਾਮ ਪੰਜ ਵਜੇ ਦੇ ਕਰੀਬ ਜੇਲ੍ਹ ਵਿੱਚ ਪਹੁੰਚੇ ਅਤੇ 25 ਮਿੰਟ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ । ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ । ਇਹ ਫੈਸਲਾ ਸਥਾਨਕ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਸੁਣਾਇਆ ਗਿਆ। ਦੋਸ਼ੀਆਂ ਨੂੰ ਕੈਂਪ ਜੇਲ੍ਹ ਤੋਂ ਕੋਟ ਲਖਪਤ ਜੇਲ੍ਹ ਭੇਜਿਆ ਜਾਵੇਗਾ, ਜਿਥੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਲਗਭਗ ਸਾਢੇ 6 ਮਹੀਨੇ ਪਹਿਲਾਂ ਹੋਏ ਇਸ ਕੇਸ ਵਿੱਚ 50 ਤੋਂ ਵੱਧ ਗਵਾਹ ਪੇਸ਼ ਹੋਏ। ਇਨ੍ਹਾਂ ਦੀ ਗਵਾਹੀ ਦੇ ਅਧਾਰ ‘ਤੇ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ ।
ਦਰਅਸਲ, 9 ਸਤੰਬਰ 2020 ਨੂੰ ਸੜਕ ‘ਤੇ ਹੋਏ ਹਾਦਸਾ ਨੇ ਪੂਰੇ ਪਾਕਿਸਤਾਨ ਨੂੰ ਗੁੱਸੇ ਨਾਲ ਭਰ ਦਿੱਤਾ ਸੀ। ਇਹ ਮਹਿਲਾ ਆਪਣੇ ਬੱਚਿਆਂ ਨਾਲ ਜਾ ਰਹੀ ਸੀ ਅਤੇ ਲਾਹੌਰ-ਸਿਆਲਕੋਟ ਮੋਟਰਵੇਅ ‘ਤੇ ਉਸ ਦੀ ਕਾਰ ਦਾ ਪੈਟਰੋਲ ਖਤਮ ਹੋ ਗਿਆ। ਉਸ ਨੂੰ ਮਦਦ ਦੀ ਲੋੜ ਸੀ, ਪਰ ਆਬਿਦ ਮੱਲ੍ਹੀ ਅਤੇ ਸ਼ਫਕਤ ਅਲੀ ਨੇ ਮਹਿਲਾ ਨੂੰ ਬੰਦੂਕ ਦੀ ਨੋਕ ‘ਤੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਉਹ ਵੀ ਉਸਦੇ ਬੱਚਿਆਂ ਸਾਹਮਣੇ । ਇੰਨਾ ਹੀ ਨਹੀਂ ਇਸ ਤੋਂ ਬਾਅਦ ਦੋਵਾਂ ਨੇ ਮਹਿਲਾ ਕੋਲੋਂ ਇੱਕ ਲੱਖ ਰੁਪਏ, ਗਹਿਣੇ ਅਤੇ ਏਟੀਐਮ ਕਾਰਡ ਵੀ ਖੋਹ ਲਏ ਸਨ ।
ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਸਾਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ । ਲੋਕਾਂ ਨੇ ਸਰਕਾਰ ਤੋਂ ਜਵਾਬ ਵੀ ਮੰਗਣੇ ਸ਼ੁਰੂ ਕਰ ਦਿੱਤੇ ਸਨ । ਇਸ ਤੋਂ ਬਾਅਦ ਪਾਕਿਸਤਾਨ ਦੇ ਅੱਤਵਾਦ ਰੋਕੂ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਸੀ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ‘ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਜਤਾਇਆ ਸੀ । ਇਸ ਤੋਂ ਬਾਅਦ ਇਹ ਕਾਨੂੰਨ ਪਾਸ ਕੀਤਾ ਗਿਆ ਕਿ ਕੁਕਰਮ ਕਰਨ ਵਾਲਿਆਂ ਨੂੰ ਛੱਡਿਆ ਨਹੀਂ ਜਾਵੇਗਾ । ਇਸ ਕਾਨੂੰਨ ਦੇ ਖਰੜੇ ਵਿੱਚ ਪੁਲਿਸ ਵਿੱਚ ਮਹਿਲਾਵਾਂ ਦੀ ਭੂਮਿਕਾ ਵਧਾਉਣ, ਬਲਾਤਕਾਰ ਦੇ ਮਾਮਲਿਆਂ ਦੀਆਂ ਫਾਸਟ ਟਰੈਕ ਅਦਾਲਤਾਂ ਵਿੱਚ ਸੁਣਵਾਈ ਅਤੇ ਗਵਾਹਾਂ ਦੀ ਰੱਖਿਆ ਜਿਹੀਆਂ ਚੀਜ਼ਾਂ ਸ਼ਾਮਿਲ ਸਨ।