Spicejet jaislmer flight passenger panic: ਗੁਜਰਾਤ ਦੇ ਅਹਿਮਦਾਬਾਦ ਤੋਂ ਰਾਜਸਥਾਨ ਦੇ ਜੈਸਲਮੇਰ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਦੇ ਯਾਤਰੀਆਂ ਦੇ ਸਾਹ ਉਸ ਸਮੇਂ ਸੁੱਕ ਗਏ ਜਦੋਂ ਜਹਾਜ਼ ਤਕਨੀਕੀ ਕਾਰਨਾਂ ਕਰਕੇ ਜੈਸਲਮੇਰ ਏਅਰਪੋਰਟ ਦੇ ਰਨਵੇ ‘ਤੇ ਲੈਂਡ ਕਰਨ ਵਿੱਚ ਅਸਫਲ ਰਿਹਾ । ਪਾਇਲਟ ਦੀਆਂ ਤਿੰਨ ਵਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੈਂਡਿੰਗ ਸਫਲ ਨਹੀਂ ਹੋ ਸਕੀ ਅਤੇ ਜਹਾਜ਼ ਲਗਭਗ ਇੱਕ ਘੰਟਾ ਹਵਾ ਵਿੱਚ ਰਹਿਣ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ । ਖੁਦ ਦੀ ਜਾਨ ਨੂੰ ਖਤਰੇ ਨੂੰ ਵੇਖਦਿਆਂ ਕੁਝ ਨੇ ਰੱਬ ਨੂੰ ਯਾਦ ਕੀਤਾ ਅਤੇ ਕੁਝ ਰੋਣ ਲੱਗ ਪਏ। ਹਾਲਾਂਕਿ ਬਾਅਦ ਵਿਚ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲਿਜਾ ਕੇ ਸੁਰੱਖਿਅਤ ਲੈਂਡ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਸਪਾਈਸ ਜੈੱਟ ਫਲਾਈਟ SG 3012 ਨੇ ਅਹਿਮਦਾਬਾਦ ਤੋਂ ਜੈਸਲਮੇਰ ਲਈ ਸ਼ਨੀਵਾਰ ਨੂੰ ਲਗਭਗ ਦੁਪਹਿਰ 12:05 ਵਜੇ ਉਡਾਣ ਭਰੀ ਸੀ । ਜਹਾਜ਼ ਲਗਭਗ 1 ਵਜੇ ਦੇ ਜੈਸਲਮੇਰ ਏਅਰਪੋਰਟ ਪਹੁੰਚਿਆ । ਪਾਇਲਟ ਨੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਿੱਚ ਸਫਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜਹਾਜ਼ ਨੂੰ ਦੁਬਾਰਾ ਉਚਾਈ ‘ਤੇ ਲਿਜਾਇਆ ਗਿਆ ਅਤੇ ਹਵਾਈ ਜਹਾਜ਼ ਨੂੰ ਦੋ ਵੱਖ-ਵੱਖ ਦਿਸ਼ਾਵਾਂ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਤਿੰਨ ਵਾਰ ਵਿੱਚੋਂ ਇੱਕ ਵਾਰ ਵੀ ਲੈਂਡਿੰਗ ਨਹੀਂ ਹੋ ਸਕੀ।
ਇਸ ਤਰ੍ਹਾਂ ਜਹਾਜ਼ ਲਗਭਗ ਇੱਕ ਘੰਟਾ ਅਸਮਾਨ ਵਿੱਚ ਚੱਕਰ ਲਗਾਉਂਦਾ ਰਿਹਾ। ਇਸ ਤੋਂ ਬਾਅਦ ਤਕਰੀਬਨ ਦੋ ਵਜੇ ਪਾਇਲਟ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲੈ ਗਿਆ। ਇੱਥੇ 2:40 ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਲਗਭਗ ਦੋ ਘੰਟਿਆਂ ਬਾਅਦ ਜਹਾਜ਼ ਦੁਬਾਰਾ ਜੈਸਲਮੇਰ ਲਈ ਉਡਾਣ ਭਰੀ ਅਤੇ ਤਕਰੀਬਨ 5:15 ਵਜੇ ਜੈਸਲਮੇਰ ਵਾਪਸ ਪਰਤਿਆ, ਜਿਸ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਸਕੀ।
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਜਹਾਜ਼ ਵਿੱਚ ਸਵਾਰ ਯਾਤਰੀ ਮਯੰਕ ਭਾਟੀਆ ਨੇ ਦੱਸਿਆ ਕਿ ਅਹਿਮਦਾਬਾਦ ਤੋਂ ਸਪਾਈਸ ਜੇਟ ਦੀ ਨਿਯਮਤ ਉਡਾਣ SG 3014 ਨਿਰਧਾਰਤ ਸਮੇਂ ਲਈ ਜੈਸਲਮੇਰ ਲਈ ਉਡਾਣ ਭਰੀ ਸੀ, ਪਰ ਤਕਨੀਕੀ ਕਾਰਨਾਂ ਕਰਕੇ ਪਾਇਲਟ ਜੈਸਲਮੇਰ ਏਅਰਪੋਰਟ ਦੇ ਰਨਵੇ ‘ਤੇ ਜਹਾਜ਼ ਦੀ ਲੈਂਡਿੰਗ ਨਹੀਂ ਕਰਵਾ ਸਕੇ। ਹਾਲਾਂਕਿ ਪਾਇਲਟ ਨੇ ਤਿੰਨ ਵਾਰ ਕੋਸ਼ਿਸ਼ ਕੀਤੀ। ਲਗਭਗ ਇੱਕ ਘੰਟਾ ਹਵਾ ਵਿੱਚ ਉਡਾਣ ਭਰਦੇ ਰਹੇ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।