Road safety world series 2021 Final : ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੀ ਗਈ ਰੋਡ ਸੇਫਟੀ ਵਰਲਡ ਸੀਰੀਜ਼ ਟੀ 20 ਟੂਰਨਾਮੈਂਟ ਦੇ ਫਾਈਨਲ ਵਿੱਚ ਇੰਡੀਆ ਲੈਜੈਂਡਸ ਨੇ ਸ਼੍ਰੀਲੰਕਾ ਨੂੰ 14 ਦੌੜਾਂ ਨਾਲ ਹਰਾਇਆ ਹੈ। ਇੰਡੀਆ ਲੈਜੈਂਡਸ ਨੇ ਸ਼੍ਰੀਲੰਕਾ ਦੇ ਸਾਹਮਣੇ 20 ਓਵਰਾਂ ਵਿੱਚ 182 ਦੌੜਾਂ ਦੀ ਚੁਣੌਤੀ ਦਿੱਤੀ ਸੀ। ਲੇਕਿਨ ਸ਼੍ਰੀਲੰਕਾ ਲੈਜੈਂਡਸ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 167 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਦਾ ਯੂਸਫ ਪਠਾਨ ਨੇ 62 ਦੌੜਾਂ ਬਣਾਈਆਂ ਅਤੇ ਦੋ ਅਹਿਮ ਵਿਕਟਾਂ ਵੀ ਹਾਸਿਲ ਕੀਤੀਆਂ। 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਲੈਜੈਂਡਸ ਦੀ ਚੰਗੀ ਸ਼ੁਰੂਆਤ ਹੋਈ। ਜੈਸੂਰੀਆ ਅਤੇ ਦਿਲਸ਼ਾਨ ਨੇ ਪਹਿਲੇ ਵਿਕਟ ਲਈ 62 ਦੌੜਾਂ ਜੋੜੀਆਂ। ਪਰ ਯੂਸਫ ਪਠਾਨ ਨੇ ਦਿਲਸ਼ਾਨ ਨੂੰ ਪਵੇਲੀਅਨ ਭੇਜ ਕੇ ਭਾਰਤ ਨੂੰ ਪਹਿਲੀ ਸਫਲਤਾ ਦਵਾਈ। ਇਸ ਤੋਂ ਬਾਅਦ, ਸ਼੍ਰੀਲੰਕਾ ਦੀਆਂ ਵਿਕਟਾਂ ਦੀ ਝੜੀ ਲੱਗ ਗਈ।
ਯੂਸਫ ਪਠਾਨ ਦੀਆ ਨਾਬਾਦ 62 ਅਤੇ ਯੁਵਰਾਜ ਸਿੰਘ ਦੀਆ 60 ਦੌੜਾਂ ਦੀ ਬਦੋਲਤ ਭਾਰਤ ਨੇ ਸ਼੍ਰੀਲੰਕਾ ਅੱਗੇ 182 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਨੇ ਚਾਰ ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸੀ। ਯੁਵਰਾਜ ਨੇ ਇਸ ਟੂਰਨਾਮੈਂਟ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ 41 ਗੇਂਦਾਂ ‘ਚ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਬਣਾਇਆ। ਯੂਸਫ ਨੇ 36 ਗੇਂਦਾਂ ਵਿੱਚ ਚਾਰ ਚੌਕੇ ਅਤੇ ਪੰਜ ਛੱਕੇ ਜੜੇ ਅਤੇ ਇਸ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ।