IND vs ENG 1st ODI : ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਨੇ ਟਾਸ ਜਿੱਤ ਕੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਜਿਸ ਤੋਂ ਬਾਅਦ ਪਹਿਲਾ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਇੰਗਲੈਂਡ ਦੇ ਸਾਹਮਣੇ 50 ਓਵਰਾਂ ਵਿੱਚ 318 ਦੌੜਾਂ ਦੀ ਚੁਣੌਤੀ ਰੱਖੀ ਹੈ। ਕੇਐਲ ਰਾਹੁਲ ਅਤੇ ਕ੍ਰੂਨਲ ਪਾਂਡਿਆ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 317 ਦੌੜਾਂ ਬਣਾਈਆਂ ਹਨ। ਕ੍ਰੂਨਲ ਨੇ 31 ਗੇਂਦਾਂ ਵਿੱਚ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਦਕਿ ਕੇਐਲ ਰਾਹੁਲ 62 ਦੌੜਾਂ ਬਣਾ ਕੇ ਅਜੇਤੂ ਰਿਹਾ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਵਿਚਕਾਰ 61 ਗੇਂਦਾਂ ਵਿੱਚ 112 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਇੰਗਲੈਂਡ ਲਈ ਬੇਨ ਸਟੋਕਸ ਨੇ 34 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਹਨ।
ਭਾਰਤ ਵਲੋਂ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਕੁਨਾਲ ਪਾਂਡਿਆ ਵੀ ਵਨਡੇ ਇੰਟਰਨੈਸ਼ਨਲ ‘ਚ ਡੈਬਿਊ ਕਰ ਰਹੇ ਹਨ। ਟੈਸਟ ਅਤੇ ਟੀ -20 ਸੀਰੀਜ਼ ‘ਤੇ ਕਬਜ਼ਾ ਕਰਨ ਵਾਲੀ ਟੀਮ ਇੰਡੀਆ ਹੁਣ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਇੱਕ ਰੋਜ਼ਾ ਮੈਚਾਂ ਵਿੱਚ ਮਾਤ ਦੇਣ ਦੀ ਤਿਆਰੀ ਵਿੱਚ ਹੈ। ਇੰਗਲੈਂਡ ਨੇ ਟੈਸਟ ਅਤੇ ਟੀ -20 ਮੈਚਾਂ ਵਿੱਚ ਜਿੱਤਾਂ ਨਾਲ ਸ਼ੁਰੂਆਤ ਕੀਤੀ, ਪਰੰਤੂ ਇਨ੍ਹਾਂ ਦੋਵੇਂ ਫਾਰਮੈਟਾਂ ਵਿੱਚ ਜੇਤੂ ਰੱਥ ਕਾਇਮ ਰੱਖਣ ਵਿੱਚ ਅਸਫਲ ਰਿਹਾ। ਹੁਣ ਈਯਨ ਮੋਰਗਨ ਦੀ ਅਗਵਾਈ ਵਾਲੀ ਟੀਮ ਵੀ ਇਨ੍ਹਾਂ ਕਮੀਆਂ ਨੂੰ ਦੂਰ ਕਰ ਟੂਰ ਨੂੰ ਸਕਾਰਾਤਮਕ ਢੰਗ ਨਾਲ ਖਤਮ ਕਰਨਾ ਚਾਹੇਗੀ।






















