ਵਡਹੰਸੁ ਮਹਲਾ ੪ ਘੋੜੀਆ
ੴ ਸਤਿਗੁਰ ਪ੍ਰਸਾਦਿ ॥
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥ ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥ ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥ ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥ ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥ ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥ ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥ ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥ ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥ ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥ ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥ ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥ ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥ ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥ ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥ ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥ ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥ ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥
ਬੁੱਧਵਾਰ, ੧੧ ਚੇਤ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੫੭੫)
ਵਡਹੰਸੁ ਮਹਲਾ ੪ ਘੋੜੀਆ
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ ! (ਮਨੁੱਖ ਦੀ) ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ । ਮਨੁੱਖਾ ਜਨਮ ਭਾਗਾਂ ਵਾਲਾ ਹੈ (ਜਿਸ ਵਿਚ ਇਹ ਕਾਂਇਆਂ ਮਿਲਦੀ ਹੈ) ਚੰਗੀ ਕਿਸਮਤਿ ਨਾਲ ਹੀ (ਜੀਵ ਨੇ ਇਹ ਕਾਂਇਆਂ) ਲੱਭੀ ਹੈ । ਹੇ ਭਾਈ ! ਮਨੁੱਖਾ ਜਨਮ ਵੱਡੀ ਕਿਸਮਤਿ ਨਾਲ ਹੀ ਲੱਭਦਾ ਹੈ । ਪਰ ਉਸੇ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਮਨੁੱਖ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ । ਹੇ ਭਾਈ ! ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ । ਹੇ ਭਾਈ ! ਉਸੇ ਵੱਡੇ ਭਾਗਾਂ ਵਾਲੇ ਮਨੁੱਖ ਨੇ ਹੀ ਇਹ ਕਾਂਇਆਂ ਪ੍ਰਾਪਤ ਕੀਤੀ ਸਮਝ, ਪਰਮਾਤਮਾ ਦਾ ਨਾਮ ਜਿਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ । ਹੇ ਦਾਸ ਨਾਨਕ ! (ਨਾਮ ਸਿਮਰਨ ਵਾਸਤੇ ਹੀ ਇਹ ਕਾਂਇਆਂ) ਪਰਮਾਤਮਾ ਨੇ ਪੈਦਾ ਕੀਤੀ ਹੈ ।੧। ਹੇ ਭਾਈ ! ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ (ਆਪਣੇ ਸਰੀਰ-ਘੋੜੀ ਉਤੇ, ਸਿਫ਼ਤਿ-ਸਾਲਾਹ ਦੀ) ਕਾਠੀ ਪਾਂਦਾ ਹਾਂ, (ਉਸ ਕਾਠੀ ਵਾਲੀ ਘੋੜੀ ਉਤੇ) ਚੜ੍ਹ ਕੇ (ਕਾਂਇਆਂ ਨੂੰ ਵੱਸ ਵਿਚ ਕਰ ਕੇ) ਮੈਂ ਇਸ ਔਖੇ (ਤਰੇ ਜਾਣ ਵਾਲੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ । (ਹੇ ਭਾਈ ! ਕੋਈ ਵਿਰਲਾ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਇਸ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ (ਕਿਉਂਕਿ ਇਸ ਵਿਚ ਵਿਕਾਰਾਂ ਦੀਆਂ) ਬੇਅੰਤ ਲਹਿਰਾਂ ਪੈ ਰਹੀਆਂ ਹਨ । ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਹਰਿ-ਨਾਮ ਦੇ ਜਹਾਜ਼ ਵਿਚ ਚੜ੍ਹ ਕੇ ਪਾਰ ਲੰਘਦਾ ਹੈ, ਗੁਰੂ-ਮਲਾਹ ਆਪਣੇ ਸ਼ਬਦ ਵਿਚ ਜੋੜ ਕੇ ਪਾਰ ਲੰਘਾ ਲੈਂਦਾ ਹੈ । ਹੇ ਨਾਨਕ ! ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਉਹ ਉਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ ।੨। ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ, ਉਸ ਨੇ ਇਹ ਸੂਝ (ਆਪਣੀ ਕਾਂਇਆਂ-ਘੋੜੀ ਦੇ) ਮੂੰਹ ਵਿਚ (ਮਾਨੋ) ਲਗਾਮ ਦੇ ਦਿੱਤੀ ਹੈ । ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਇਹ ਪਿਆਰ ਉਹ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ (ਮਾਨੋ) ਚਾਬੁਕ ਮਾਰਦਾ ਰਹਿੰਦਾ ਹੈ । ਹਿਰਦੇ ਵਿਚ ਪੈਦਾ ਹੋਇਆ ਹਰਿ-ਨਾਮ ਦਾ ਪ੍ਰੇਮ ਉਹ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ, ਤੇ, ਆਪਣੇ ਮਨ ਨੂੰ ਵੱਸ ਵਿਚ ਕਰੀ ਰੱਖਦਾ ਹੈ । ਪਰ, ਇਹ ਮਨ ਗੁਰੂ ਦੀ ਸਰਨ ਪਿਆਂ ਹੀ ਜਿੱਤਿਆ ਜਾ ਸਕਦਾ ਹੈ । ਉਹ ਮਨੁੱਖ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ, ਤੇ (ਜਤ, ਧੀਰਜ ਆਦਿਕ ਦੀ ਕੁਠਾਲੀ ਵਿਚ) ਅੱਲ੍ਹੜ ਮਨ ਨੂੰ ਘੜ ਲੈਂਦਾ ਹੈ (ਸੁਚੱਜਾ ਬਣਾ ਲੈਂਦਾ ਹੈ) । ਗੁਰੂ ਦੀ ਜਿਹੜੀ ਬਾਣੀ ਉਚਾਰੀ ਹੋਈ ਹੈ ਇਸ ਨੂੰ ਆਪਣੇ ਕੰਨਾਂ ਨਾਲ ਸੁਣ ਕੇ (ਭਾਵ, ਗਹੁ ਨਾਲ ਸੁਣ ਕੇ ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਤੇ ਇਸ ਤਰ੍ਹਾਂ ਕਾਂਇਆਂ-ਘੋੜੀ ਉਤੇ ਸਵਾਰ ਹੁੰਦਾ ਹੈ (ਕਾਂਇਆਂ ਨੂੰ ਵੱਸ ਕਰਦਾ ਹੈ) । ਹੇ ਦਾਸ ਨਾਨਕ ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ, (ਗੁਰੂ ਸਰਨ ਪਏ ਮਨੁੱਖ ਨੂੰ) ਪਾਰ ਲੰਘਾ ਲੈਂਦਾ ਹੈ ।੩। ਹੇ ਭਾਈ ! ਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ (ਕਿ ਇਸ ਘੋੜੀ ਉਤੇ ਚੜ੍ਹ ਕੇ ਜੀਵ ਜੀਵਨ-ਸਫ਼ਰ ਨੂੰ ਸਫਲਤਾ ਨਾਲ ਤੈ ਕਰੇ, ਸੋ) ਜਿਸ (ਸਰੀਰ-ਘੋੜੀ) ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ, (ਇਸ ਦੀ ਰਾਹੀਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉਘੜ ਪੈਂਦਾ ਹੈ । ਹੇ ਭਾਈ! ਇਸ ਸੋਹਣੀ ਕਾਂਇਆਂ-ਘੋੜੀ ਉਤੇ ਚੜ੍ਹ, (ਇਹ ਘੋੜੀ) ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ, (ਇਸ ਦੀ ਰਾਹੀਂ) ਗੁਰੂ ਦੀ ਸਰਨ ਪੈ ਕੇ ਪਰਮ ਆਨੰਦ ਦੇ ਮਾਲਕ ਪਰਮਾਤਮਾ ਨੂੰ ਮਿਲ । ਪੂਰਨ ਪਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ ਵਿਆਹ ਰਚਾ ਦਿੱਤਾ (ਜਿਸ ਜਿੰਦ-ਵਹੁਟੀ ਨੂੰ ਆਪਣੇ ਨਾਲ ਮਿਲਾਣ ਦਾ ਢੋ ਢੁਕਾ ਦਿੱਤਾ), ਸਤ ਸੰਗੀਆਂ ਨਾਲ ਮਿਲ ਕੇ (ਮਾਨੋ, ਉਸ ਦੀ) ਜੰਞ ਆ ਗਈ । ਹੇ ਦਾਸ ਨਾਨਕ ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲਿਆ, ਉਸ ਨੇ ਆਤਮਕ ਆਨੰਦ ਲੱਭ ਲਿਆ, ਉਸ ਦੇ ਅੰਦਰ ਆਤਮਕ ਸ਼ਾਦੀਆਨੇ ਵੱਜ ਪਏ ।੪।੧।੫।
WADAHANS, FOURTH MEHL, GHOREES ~ THE WEDDING PROCESSION:
ONE UNIVERSAL CREATOR GOD. BY THE GRACE OF THE TRUE GURU:
This body-horse was created by the Lord. Blessed is human life, which is obtained by virtuous actions. Human life is obtained only by the most virtuous actions; this body is radiant and golden. The Gurmukh is imbued with the deep crimson color of the poppy; he is imbued with the new color of the Lord’s Name, Har, Har, Har. This body is so very beautiful; it chants the Name of the Lord, and it is adorned with the Name of the Lord, Har, Har. By great good fortune, the body is obtained; the Naam, the Name of the Lord, is its companion; O servant Nanak, the Lord has created it. || 1 || I place the saddle on the body-horse, the saddle of realization of the Good Lord. Riding this horse, I cross over the treacherous world-ocean. The treacherous world-ocean is rocked by countless waves, but the Gurmukh is carried across. Embarking upon the boat of the Lord, the very fortunate ones cross over; the Guru, the Boatman, carries them across, through the Word of the Shabad. Night and day, imbued with the Lord’s Love, singing the Glorious Praises of the Lord, the Lord’s lover loves the Lord. Servant Nanak has attained the state of Nirvaanaa, the state of ultimate goodness, the state of the Lord. || 2 || The Guru has implanted spiritual wisdom within me, as a bridle in my mouth. He has applied the whip of the Lord’s Love to my body. Applying the whip of the Lord’s Love to the body, the Gurmukh conquers the mind, and wins the battle of life. He trains his untrained mind with the Word of the Shabad, and drinks in the rejuvenating essence of the Lord’s Nectar. Listen with your ears to the Word, spoken by the Guru, and attune your body-horse to the Lord’s Love. Servant Nanak has crossed over on the path, the treacherous path. || 3 || The body-horse was created by the Lord. Blessed, blessed is that body-horse which meditates on the Lord God. Blessed and acclaimed is that body-horse which meditates on the Lord God; it is obtained by the merits of past actions. Riding the body-horse, one crosses over the treacherous world-ocean; the Gurmukh meets the Lord, the embodiment of supreme bliss. The Lord, Har, Har, has perfectly arranged this wedding; the Saints have come together as a wedding party. Servant Nanak has obtained the Lord as his Spouse; joining together, the Saints sing the songs of joy and congratulations. || 4 || 1 || 5 ||
Wednesday, 11th Chayt (Samvat 553 Nanakshahi) (Page: 575)