Baby dies of Hunger : ਛੱਤੀਸਗੜ੍ਹ ਦੇ ਧਮਤਰੀ ਵਿਚ ਡੇਢ ਮਹੀਨੇ ਦੀ ਮਾਸੂਮ ਦੁੱਧ ਦੀ ਉਡੀਕ ਕਰਦੇ-ਕਰਦੇ ਦੁਨੀਆ ਤੋਂ ਚਲੀ ਗਈ। ਉਸ ਦੀ ਮਾਂ ਰਾਤ ਭਰ ਸ਼ਰਾਬ ਪੀ ਕੇ ਸੁੱਤੀ ਰਹੀ ਅਤੇ ਬੱਚੀ ਦੁੱਧ ਲਈ ਰੋਂਦੀ ਰਹੀ ਪਰ ਨਸ਼ੇੜੀ ਮਾਂ ਦੀਆਂ ਅੱਖਾਂ ਨਾ ਖੁੱਲ੍ਹੀਆਂ। ਸਵੇਰ ਤੱਕ ਰੋਂਦੇ-ਰੋਂਦੇ ਬੱਚੀ ਹਮੇਸ਼ਾ ਲਈ ਚੁੱਪ ਹੋ ਗਈ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਭੁੱਖ ਨਾਲ ਬੱਚੀ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।
ਛੱਤੀਸਗੜ੍ਹ ਦੇ ਧਮਤਰੀ ਕਸਬੇ ਨਾਲ ਲੱਗਦੇ ਸੁੰਦਰਗੰਜ ਵਿਚ ਰਹਿਣ ਵਾਲੀ ਇਸ ਸ਼ਰਾਬੀ ਮਾਂ ਦਾ ਨਾਮ ਰਾਜਮੀਤ ਕੌਰ ਹੈ। ਉਹ ਇੱਕ ਮਜ਼ਦੂਰ ਦਾ ਕੰਮ ਕਰਦੀ ਹੈ। ਉਸ ਦਾ ਪਤੀ ਹਰਮੀਤ ਮੋਟਰ ਮਕੈਨਿਕ ਹੈ। ਉਹ ਇਕ ਦਿਨ ਪਹਿਲਾਂ ਹੀ ਟਰੱਕ ਦੀ ਮੁਰੰਮਤ ਲਈ ਜਗਦਲਪੁਰ ਗਿਆ ਸੀ। ਜਾਣਕਾਰੀ ਅਨੁਸਾਰ ਰਾਜਮੀਤ ਹਰ ਰੋਜ਼ ਸ਼ਰਾਬ ਪੀਂਦੀ ਹੈ। ਸ਼ੁੱਕਰਵਾਰ ਸ਼ਾਮ ਨੂੰ ਉਸਨੇ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਸੀ। ਸਾਰੀ ਰਾਤ ਉਸ ਨੂੰ ਹੋਸ਼ ਨਹੀਂ ਆਈ। ਜਦੋਂ ਸਵੇਰੇ ਉਹ ਉੱਠੀ ਤਾਂ ਬੱਚੀ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਸੀ। ਉਸ ਦਾ ਰੋਣਾ ਸੁਣ ਕੇ ਸਵੇਰੇ ਗੁਆਂਢੀ 6 ਵਜੇ ਆਏ ਅਤੇ ਸਥਿਤੀ ਨੂੰ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ।
ਜਦੋਂ 28 ਸਾਲਾ ਰਾਜਮੀਤ ਨੇ ਵੇਖਿਆ ਕਿ ਉਸ ਦੀ ਬੱਚੀ ਦੀ ਮੌਤ ਹੋ ਗਈ ਹੈ, ਤਾਂ ਵੀ ਉਹ ਨਹੀਂ ਰੁਕੀ। ਲੜਖੜਾਉਂਦੇ ਕਦਮਾਂ ਨਾਲ ਉਹ ਅੰਦਰੋਂ ਬੋਤਲ ਚੁੱਕ ਲਿਆਈ ਅਤੇ ਫਿਰ ਪੀਣਾ ਸ਼ੁਰੂ ਕਰ ਦਿੱਤਾ। ਨਸ਼ੇ ਵਿੱਚ ਬੇਸੁੱਧ ਹੋ ਕੇ ਉਹ ਫਿਰ ਸੋ ਗਈ। ਕਮਰੇ ਵਿੱਚ ਇੱਕ ਪਾਸੇ ਬੱਚੀ ਦੀ ਲਾਸ਼ ਪਈ ਸੀ ਅਤੇ ਦੂਜੇ ਕੋਨੇ ਵਿੱਚ ਰਾਜਮੀਤ ਨਸ਼ੇ ਵਿੱਚ ਬੇਸੁੱਧ ਸੁੱਤੀ ਹੋਈ ਸੀ। ਪੁਲਿਸ ਨਾਲ ਵੀ ਔਰਤ ਸਹੀ ਤਰੀਕੇ ਨਾਲ ਗੱਲ ਨਾ ਕਰ ਸਕੀ। ਸਾਰਾ ਦਿਨ ਉਹ ਨਸ਼ੇ ਵਿੱਚ ਰਹੀ। ਅਜਿਹੇ ਵਿੱਚ ਕੇਸ ਦਰਜ ਕਰਨ ਲਈ ਪੁਲਿਸ ਆਲੇ-ਦੁਆਲੇ ਤੋਂ ਪੁੱਛਗਿੱਛ ਕਰਦੀ ਰਹੀ। ਹੱਦ ਤਾਂ ਉਦੋਂ ਹੋ ਗਈ ਜਦੋਂ ਔਰਤ ਦਾ ਪਤੀ ਹਰਮੀਤ ਸ਼ਨੀਵਾਰ ਸ਼ਾਮ ਨੂੰ ਜਗਦਲਪੁਰ ਤੋਂ ਵਾਪਸ ਆਇਆ ਤਾਂ ਪੁਲਿਸ ਨੇ ਦੇਖਿਆ ਕਿ ਹਰਮੀਤ ਵੀ ਸ਼ਰਾਬੀ ਹਾਲਤ ਵਿੱਚ ਸੀ। ਉਸ ਨੂੰ ਗੁਆਂਢੀਆਂ ਅਤੇ ਪੁਲਿਸ ਤੋਂ ਇਸ ਘਟਨਾ ਬਾਰੇ ਪਹਿਲਾਂ ਹੀ ਜਾਣਕਾਰੀ ਮਿਲੀ ਸੀ, ਫਿਰ ਵੀ ਉਹ ਸ਼ਰਾਬ ਪੀ ਕੇ ਹੀ ਘਰ ਪਰਤਿਆ। ਅਜਿਹੀ ਸਥਿਤੀ ਵਿਚ ਪੁਲਿਸ ਉਸ ਤੋਂ ਪੁੱਛਗਿੱਛ ਕਰਨ ਨਹੀਂ ਕਰ ਪਾ ਰਹੀ ਸੀ।