On the second day of Hola Mohalla : ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਖਾਲਸਾ ਪੰਥ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਦੂਸਰੇ ਦਿਨ ਗੁਰੂ ਕੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਪੂਰੇ ਖਾਲਸਈ ਰੰਗ ਵਿੱਚ ਰੰਗੀ ਹੋਈ ਅਤੇ ਕਰੋਨਾ ’ਤੇ ਸੰਗਤ ਦੀ ਸ਼ਰਧਾ ਦਾ ਸੈਲਾਬ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕੇ ਪਹਿਲੇ ਦਿਨ ਸੰਗਤ ਦੀ ਆਮਦ ’ਚ ਪਿੱਛਲੇ ਸਾਲ ਦੇ ਮੁਕਾਬਲੇ ਕਮੀ ਸੀ ਪਰ ਅੱਜ ਹੋਲੇ ਮਹੱਲੇ ਦੇ ਦੂਜੇ ਦਿਨ ਸਵੇਰ ਤੋਂ ਹੀ ਲੱਖਾਂ ਦੀ ਗਿਣਤੀ ‘ਚ ਸੰਗਤ ਨਤਮਸਤਕ ਹੋਣ ਲਈ ਆ ਰਹੀ ਹੈ। ਸਵੇਰ ਤੋਂ ਹੀ ਸੰਗਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਤੇ ਲੰਮੀਆਂ ਕਤਾਰਾਂ ਲਗਾ ਕੇ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ।
ਉੱਥੇ ਨਾਲ ਹੀ ਨਿਹੰਗ ਸਿੰਘਾਂ ਵੱਲੋਂ ਵੀ ਆਪਣੀਆਂ ਛਾਉਣੀਆਂ ਨੂੰ ਸਜਾਇਆ ਗਿਆ ਹੈ। ਕੱਲ੍ਹ ਹੋਲੇ ਮਹੱਲੇ ਦਾ ਤੀਸਰਾ ਦਿਨ ਮਨਾਇਆ ਜਾਏਗਾ ਜਿੱਥੇ ਵੱਖਰੇ ਵੱਖਰੇ ਨਿਹੰਗ ਦਲਾਂ ਵੱਲੋਂ ਆਪਣੇ ਜਥਿਆਂ ਨਾਲ ਸ਼ਕਤੀ ਪ੍ਰਦਰਸ਼ਨ ਕਰਦਿਆਂ ਮਹੱਲਾ ਕੱਢਿਆ ਜਾਵੇਗਾ। ਨਿਹੰਗ ਜਥੇਬੰਦੀਆਂ ਵੱਲੋਂ ਖ਼ਾਲਸਈ ਖੇਡਾਂ ਸ੍ਰੀ ਚਰਨ ਗੰਗਾ ਸਟੇਡੀਅਮ ਵਿਖੇ ਖੇਡੀਆਂ ਜਾਣਗੀਆਂ ਜਿਸ ਵਿੱਚ ਘੋੜਸਵਾਰੀ, ਤੀਰਅੰਦਾਜ਼ੀ ਅਤੇ ਤਲਵਾਰਬਾਜ਼ੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਪੁਰਾਤਨ ਖੇਡਾਂ ਨੂੰ ਦੇਖਣ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਦੇ ਹਨ। ਜੇਕਰ ਗੱਲ ਕਰੀਏ ਬੀਤੇ ਸਾਲਾ ਦੀ ਤਾਂ ਹੋਲੇ ਮਹੱਲੇ ਦੇ ਦੂਜੇ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕਾਨਫ਼ਰੰਸਾਂ ਲਗਾਈਆਂ ਜਾਂਦੀਆਂ ਸਨ, ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਵੀ ਸਿਆਸੀ ਕਾਨਫ਼ਰੰਸਾਂ ਨਹੀਂ ਲਗਾਈ ਗਈ ਹੈ।