Skeleton found in Jalandhar : ਜਲੰਧਰ ਸ਼ਹਿਰ ਦੇ ਮਸ਼ਹੂਰ ਮਾਈ ਹੀਰਾਂ ਗੇਟ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਕੂੜੇ ਦੇ ਢੇਰ ਵਿੱਚੋਂ ਇੱਕ ਮਨੁੱਖੀ ਪਿੰਜਰ ਮਿਲਿਆ। ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਿੰਜਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਮਨੁੱਖੀ ਪਿੰਜਰ ਅਸਲੀ ਹੈ ਜਾਂ ਨਕਲੀ।

ਘਟਨਾ ਤੋਂ ਬਾਅਦ ਪਿੰਜਰ ਸੁੱਟਣ ਵਾਲਿਆਂ ਦੀ ਪਛਾਣ ਕਰਨ ਲਈ ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਪਿੰਜਰ ਮਿਲਣ ਦੀ ਘਟਨਾ ਨੇ ਵੀ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜੇ ਕੀਤੇ ਹਨ। ਮੌਕੇ ‘ਤੇ ਪਹੁੰਚੇ ਥਾਣਾ ਡਿਵੀਜ਼ਨ ਦੋ ਦੇ ਏਐਸਆਈ ਬਿੰਦਾ ਸਿੰਘ ਨੇ ਦੱਸਿਆ ਕਿ ਪਿੰਜਰ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਤਾਂ ਜੋ ਇਹ ਪਾਇਆ ਜਾ ਸਕੇ ਕਿ ਪਿੰਜਰ ਅਸਲੀ ਹੈ ਜਾਂ ਨਕਲੀ। ਨਾਲ ਹੀ ਇਸਦੀ ਜਾਂਚ ਕੀਤੀ ਜਾਏਗੀ ਕਿ ਕੀ ਪਿੰਜਰ ਮਰਦ ਦਾ ਹੈ ਜਾਂ ਔਰਤ ਦਾ। ਫਿਲਹਾਲ ਪੁਲਿਸ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।






















