Punjab kings unveils new jersey : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਹੁਣ ਕੁੱਝ ਹੀ ਦਿਨ ਬਾਕੀ ਹਨ। ਆਈਪੀਐਲ 2021 ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਪਰ ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਵਿੱਚ ਕਿੰਗਜ਼ ਇਲੈਵਨ ਪੰਜਾਬ ਇੱਕ ਨਵੇਂ ਨਾਮ ਅਤੇ ਇੱਕ ਨਵੀਂ ਜਰਸੀ ਦੇ ਨਾਲ ਮੈਦਾਨ ਵਿੱਚ ਉੱਤਰੇਗੀ। ਫ੍ਰੈਂਚਾਈਜ਼ੀ ਨੇ ਕੁੱਝ ਤਬਦੀਲੀਆਂ ਨਾਲ ਮੰਗਲਵਾਰ ਨੂੰ ਨਵੀਂ ਜਰਸੀ ਲਾਂਚ ਕੀਤੀ ਹੈ। ਜਰਸੀ ਦਾ ਅਧਾਰ ਰੰਗ ਲਾਲ ਹੈ। ਪਰ ਇਸਦੇ ਕਿਨਾਰਿਆਂ ਤੇ ਇੱਕ ਸੁਨਹਿਰੀ (ਗੋਲਡਨ) ਰੰਗ ਦੀ ਪੱਟੀ ਵੀ ਹੈ। ਇੰਨਾ ਹੀ ਨਹੀਂ, ਜਰਸੀ ਦੇ ਅਗਲੇ ਹਿੱਸੇ ਵਿੱਚ ਮੁੱਖ ਪ੍ਰਾਯੋਜਕ ਦੇ ਹੇਠ ਸ਼ੇਰ ਦਾ ਚਿੰਨ ਵੀ ਬਣਾਇਆ ਗਿਆ ਹੈ। ਪੰਜਾਬ ਕਿੰਗਜ਼ ਵੱਲੋਂ ਜਾਰੀ ਬਿਆਨ ਅਨੁਸਾਰ ਟੀਮ ਇਸ ਸੀਜ਼ਨ ਵਿੱਚ ਗੋਲਡਨ ਕਲਰ ਦਾ ਹੈਲਮੇਟ ਵਰਤੇਗੀ।
ਕੇ ਐਲ ਰਾਹੁਲ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਆਪਣਾ ਪਹਿਲਾ ਮੈਚ 12 ਅਪ੍ਰੈਲ ਨੂੰ ਖੇਡੇਗੀ। ਪੰਜਾਬ ਦੀ ਟੀਮ ਆਪਣੇ ਸੀਜ਼ਨ ਦੀ ਸ਼ੁਰੂਆਤ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਵਿਰੁੱਧ ਮੈਚ ਨਾਲ ਕਰੇਗੀ। ਕਿੰਗਜ਼ ਇਲੈਵਨ ਪੰਜਾਬ ਨੇ ਜਰਸੀ ਬਦਲਣ ਤੋਂ ਪਹਿਲਾਂ ਫਰਵਰੀ ਵਿੱਚ ਆਪਣਾ ਨਾਮ ਵੀ ਬਦਲ ਦਿੱਤਾ ਸੀ। ਟੀਮ ਹੁਣ ਪੰਜਾਬ ਕਿੰਗਜ਼ ਵਜੋਂ ਜਾਣੀ ਜਾਵੇਗੀ। ਮੋਹਿਤ ਬਰਮਨ, ਨੇਸ ਵਾਡੀਆ, ਪ੍ਰੀਤੀ ਜ਼ਿੰਟਾ ਅਤੇ ਕਰਨ ਪਾਲ ਦੀ ਟੀਮ ਇੱਕ ਵਾਰ ਵੀ ਆਈਪੀਐਲ ਨਹੀਂ ਜਿੱਤ ਸਕੀ ਹੈ। ਟੀਮ ਇੱਕ ਵਾਰ ਉਪ ਜੇਤੂ ਰਹੀ ਅਤੇ ਇੱਕ ਵਾਰ ਤੀਜੇ ਸਥਾਨ ‘ਤੇ ਰਹੀ ਹੈ। ਕੀ ਪੰਜਾਬ ਕਿੰਗਜ਼ ਟੀਮ ਦੀ ਕਿਸਮਤ ਨਵੇਂ ਨਾਮ ਅਤੇ ਨਵੀਂ ਜਰਸੀ ਨਾਲ ਬਦਲੇਗੀ ਜਾ ਨਹੀਂ ਇਹ ਵੇਖਣਾ ਬਾਕੀ ਹੈ। ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਵਰਗੀਆਂ ਟੀਮਾਂ ਨੇ ਵੀ ਪੰਜਾਬ ਕਿੰਗਜ਼ ਤੋਂ ਪਹਿਲਾਂ ਨਵੀਂ ਜਰਸੀ ਲਾਂਚ ਕੀਤੀ ਹੈ।