France imposes third lockdown: ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਦੁਨੀਆ ਨੂੰ ਘਰਾਂ ਵਿੱਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ ਹੈ। ਫਰਾਂਸ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ । ਇਹੀ ਕਾਰਨ ਹੈ ਕਿ ਵੱਧ ਰਹੀ ਇਨਫੈਕਸ਼ਨ ਵਿਚਾਲੇ ਫਰਾਂਸ ਵਿੱਚ ਚਾਰ ਹਫ਼ਤਿਆਂ ਦਾ ਲਾਕਡਾਊਨ ਵੀ ਲਗਾ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੋਰੋਨਾ ‘ਤੇ ਕਾਬੂ ਪਾਉਣ ਲਈ ਦੇਸ਼ ਭਰ ਵਿੱਚ ਚਾਰ ਹਫਤਿਆਂ ਦਾ ਲਾਕਡਾਊਨ ਲਗਾ ਦਿੱਤਾ ਹੈ। ਇਸ ਲਾਕਡਾਊਨ ਦੇ ਆਦੇਸ਼ ਦੇ ਬਾਅਦ ਸਾਰੇ ਸਕੂਲ ਹੁਣ ਘੱਟੋ-ਘੱਟ ਚਾਰ ਹਫ਼ਤਿਆਂ ਲਈ ਬੰਦ ਰਹਿਣਗੇ।
ਇਸ ਸਬੰਧੀ ਰਾਸ਼ਟਰਪਤੀ ਇਮੈਨੁਅਲ ਨੇ ਕਿਹਾ, “ਜੇ ਅਸੀਂ ਹੁਣ ਕੋਈ ਕਦਮ ਨਹੀਂ ਚੁੱਕਦੇ ਤਾਂ ਅਸੀਂ ਕੋਰੋਨਾ ‘ਤੇ ਹਰ ਤਰ੍ਹਾਂ ਨਾਲ ਆਪਣੀ ਪਕੜ ਗੁਆ ਦਵਾਂਗੇ।” ਦੱਸ ਦੇਈਏ ਕਿ ਸ਼ਨੀਵਾਰ ਤੋਂ ਇਮੈਨੁਅਲ ਨੇ ਅਗਲੇ ਚਾਰ ਹਫਤਿਆਂ ਲਈ ਦੇਸ਼ ਭਰ ਵਿੱਚ ਲਾਕਡਾਊਨ ਦਾ ਆਦੇਸ਼ ਦਿੱਤਾ ਹੈ । ਉਨ੍ਹਾਂ ਨੇ ਇਸ ਆਦੇਸ਼ ਨੂੰ ਜਾਰੀ ਕਰਦਿਆਂ ਕਿਹਾ, “ਇਸ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲ੍ਹਣ ਦਿੱਤੀਆਂ ਜਾਣਗੀਆਂ । ਇਸ ਦੇ ਨਾਲ ਹੀ ਦਫ਼ਤਰ ਦੇ ਲੋਕਾਂ ਨੂੰ ਘਰ ਵਿੱਚ ਹੀ ਰਹਿ ਕੇ ਕੰਮ ਕਰਨਾ ਪਵੇਗਾ। ਅਗਲੇ ਤਿੰਨ ਹਫ਼ਤਿਆਂ ਲਈ ਸਕੂਲ ਪੂਰੀ ਤਰ੍ਹਾਂ ਬੰਦ ਰਹਿਣਗੇ।” ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ, “ਇਨ੍ਹਾਂ ਚਾਰ ਹਫਤਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਜਨਤਕ ਮੀਟਿੰਗਾਂ ਨਹੀਂ ਹੋਣਗੀਆਂ, ਉਨ੍ਹਾਂ’ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।”
ਇਸ ਤੋਂ ਇਲਾਵਾ ਇਮੈਨੁਅਲ ਨੇ ਇਹ ਵੀ ਕਿਹਾ, “ਕੋਈ ਵੀ ਵਿਅਕਤੀ ਬਿਨ੍ਹਾਂ ਕਿਸੇ ਜ਼ਰੂਰੀ ਅਤੇ ਵਾਜਬ ਵਜ੍ਹਾ ਹੋਣ ਤੋਂ ਆਪਣਾ ਘਰ ਨਹੀਂ ਛੱਡੇਗਾ।” ਉਨ੍ਹਾਂ ਕਿਹਾ ਕਿ, ਆਉਣ ਵਾਲੇ ਈਸਟਰ ਨੂੰ ਵੇਖਦੇ ਹੋਏ, “ਇਸ ਦਿਨ ਲੋਕਾਂ ਨੂੰ ਕਿਤੇ ਵੀ ਜਾਣ ਇਜਾਜ਼ਤ ਦਿੱਤੀ ਜਾਵੇਗੀ।” ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, “ਫਿਲਹਾਲ ਸਥਿਤੀ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ । ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ, ਬਲਕਿ ਕੋਰੋਨਾ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰੋ।”
ਦੱਸ ਦੇਈਏ ਕਿ ਫਰਾਂਸ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਕੁੱਲ ਅੰਕੜਾ 46 ਲੱਖ ਦੇ ਪਾਰ ਪਹੁੰਚ ਚੁੱਕਿਆ ਹੈ। ਇਸ ਦੇ ਨਾਲ ਹੀ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 95 ਹਜ਼ਾਰ 502 ਹੋ ਗਈ ਹੈ । ਖਬਰਾਂ ਅਨੁਸਾਰ ਮੌਜੂਦਾ ਸਮੇਂ ਕੋਰੋਨਾ ਕਾਰਨ 5000 ਲੋਕ ਆਈਸੀਯੂ ਵਿੱਚ ਦਾਖਲ ਹਨ। ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ਤੋਂ ਆਏ ਨਵੇਂ ਰੂਪਾਂ ਤੋਂ ਬਾਅਦ ਮਾਮਲਿਆਂ ਵਿੱਚ ਗਤੀ ਦਿਖਾਈ ਦਿੱਤੀ ਹੈ। ਫਰਾਂਸ ਵਿੱਚ ਬੀਤੇ ਦਿਨ 29 ਹਜ਼ਾਰ 575 ਨਵੇਂ ਕੇਸ ਦਰਜ ਹੋਏ ਹਨ । ਇਸ ਦੇ ਨਾਲ ਹੀ 28 ਮਾਰਚ ਨੂੰ ਇਹ ਅੰਕੜਾ 41 ਹਜ਼ਾਰ ਨੂੰ ਪਾਰ ਕਰ ਗਿਆ ਸੀ।